ਬਾਬਾ ਬਕਾਲਾ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਕਰਵਾਈ ਗਈ ਪੰਥਕ ਕਾਨਫ਼ਰੰਸ ਵਿੱਚ ਵੱਡਾ ਇਕੱਠ ਹੋਇਆ ਜਿਸ ਵਿਚ ਪੰਥ ਅਤੇ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਨਾਲ-ਨਾਲ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਗੰਭੀਰ ਸੰਕਟ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਲੋਕ ਸਭਾ ਮੈਂਬਰ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬੀਆਂ ਨਾਲ ਕੀਤੇ ਅਹਿਦ ਨੂੰ ਬਾਪੂ ਤਰਸੇਮ ਸਿੰਘ ਨੇ ਪੜ੍ਹ ਕੇ ਸੁਣਾਇਆ ਜਿਸ ਵਿਚ ਪੰਜਾਬੀਆਂ ਦੇ ਹੱਥ ਫ਼ੈਸਲੇ ਦੀ ਤਾਕਤ ਆਉਣ ’ਤੇ 1997 ਤੋਂ 2027 ਤੱਕ ਦੀਆਂ ਸਰਕਾਰਾਂ ਦੌਰਾਨ ਨਸ਼ਿਆਂ ਦੇ ਪਸਾਰ, ਮੌਤਾਂ, ਸਪਲਾਈ ਚੇਨ, ਸਿਆਸੀ ਸ਼ਮੂਲੀਅਤ ਅਤੇ ਪੁਲੀਸ ਤੇ ਸੁਰੱਖਿਆ ਤੰਤਰ ਦੀ ਕਥਿਤ ਮਿਲੀਭੁਗਤ ਸਬੰਧੀ ਵਾਈਟ ਪੇਪਰ ਜਾਰੀ ਕਰਨ, ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਗਿਆ। ਪਾਰਟੀ ਵੱਲੋਂ ਨਸ਼ਿਆਂ ਖ਼ਿਲਾਫ਼ ਵਿਜ਼ਨ ਡਾਕੂਮੈਂਟ ਵੀ ਪੇਸ਼ ਕੀਤਾ ਗਿਆ। ਕਾਨਫ਼ਰੰਸ ਵਿੱਚ ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਆਲ਼ੀ, ਪਾਰਲੀਮਾਨੀ ਬੋਰਡ ਦੇ ਮੈਂਬਰਾਂ, ਮੁੱਖ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਅਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਪੰਥ-ਪੰਜਾਬ ਦੇ ਮੁੱਦਿਆਂ ’ਤੇ ਵਿਚਾਰ ਰੱਖੇ। ਉਨ੍ਹਾਂ ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀਆਂ, ਰੁਜ਼ਗਾਰ, ਸੂਬੇ ਦੇ ਹੱਕਾਂ ਅਤੇ ਪੰਥਕ ਮਸਲਿਆਂ ਦੇ ਨਾਲ-ਨਾਲ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀਆਂ ਨਾਕਾਮੀਆਂ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਤਿੱਖੇ ਢੰਗ ਨਾਲ ਘੇਰਿਆ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ’ਤੇ ਹੁਣ ਸਿਰਫ਼ ਬਿਆਨਬਾਜ਼ੀ ਨਹੀਂ, ਸਗੋਂ ਠੋਸ ਨੀਤੀ, ਪਾਰਦਰਸ਼ਤਾ, ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਲਿਆ ਗਿਆ ਇਹ ਅਹਿਦ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਸਿਧਾਂਤਕ ਰਾਜਨੀਤੀ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਵੱਲ ਇੱਕ ਅਹਿਮ ਕਦਮ ਹੈ।
ਇਸ ਮੌਕੇ ਸੀਨੀਅਰ ਲੀਡਰਸ਼ਿਪ ਵਿੱਚੋਂ ਭਾਈ ਹਰਭਜਨ ਸਿੰਘ ਤੁੜ, ਭਾਈ ਅਮਰਜੀਤ ਸਿੰਘ ਵੰਨ ਚਿੜੀ, ਸੁਰਜੀਤ ਸਿੰਘ ਦੌਲਤਪੁਰ, ਕਾਬਲ ਸਿੰਘ, ਬਾਬੂ ਸਿੰਘ ਬਰਾੜ, ਭਾਈ ਸੁਖਵਿੰਦਰ ਸਿੰਘ ਅਗਵਾਨ, ਪ੍ਰਗਟ ਸਿੰਘ ਸੰਧੂ, ਭਾਈ ਮਨਦੀਪ ਸਿੰਘ ਸਿੱਧੂ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਕਬਾਲ ਸਿੰਘ ਝੂੰਦਾਂ, ਚਾਚਾ ਸੁਖਚੈਨ ਸਿੰਘ, ਮਾਤਾ ਬਲਵਿੰਦਰ ਕੌਰ, ਹਰਪ੍ਰੀਤ ਕੌਰ, ਸਤਨਾਮ ਕੌਰ, ਨਰਿੰਦਰ ਕੌਰ ਕਲਸੀ, ਨਵਜੋਤ ਕੌਰ ਲੰਬੀ, ਸੰਦੀਪ ਸਿੰਘ ਰੁਪਾਲੋਂ, ਭਾਈ ਸਰਬਜੀਤ ਸਿੰਘ ਖ਼ਾਨਪੁਰ, ਐਡਵੋਕੇਟ ਅਜੇਪਾਲ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਪੱਧਰੀ ਸ਼ਾਮਲ ਹੋਏ।
ਇਸ ਮੌਕੇ ਬਾਪੂ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਵਾਰਿਸ ਪੰਜਾਬ, ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ , ਸ਼ਮਸ਼ੇਰ ਸਿੰਘ ਪੱਧਰੀ, ਸੁਖਵਿੰਦਰ ਸਿੰਘ ਅਗਵਾਨ, ਹਲਕਾ ਇੰਚਾਰਜ ਸਰਬਜੀਤ ਸਿੰਘ ਖ਼ਾਨਪੁਰ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਸੰਬੋਧਨ ਕੀਤਾ।
The post ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੰਜਾਬ ’ਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਹੱਲ ਕਰਨ ’ਤੇ ਜ਼ੋਰ appeared first on Punjab Star.
