ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਵੱਡੀ ਕਾਰਵਾਈ

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਵਿਭਾਗ ਨੇ ਬੋਸਟਨ ਵਿੱਚ ਇੱਕ ਨੈਸ਼ਨਲ ਹਾਈਵੇਅ ’ਤੇ ਹਿਲਸਬਰੋਅ ਵਿੱਚ ਕਮਰਸ਼ੀਅਲ ਵਾਹਨ ਜਾਂਚ ਸਟੇਸ਼ਨ ‘ਤੇ ਚਲਾਈ ਗਈ ਖਾਸ ਮੁਹਿੰਮ ਦੌਰਾਨ ਵੱਡੀ ਕਾਰਵਾਈ ਕੀਤੀ ਹੈ। ICE ਨੇ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਊ ਜਰਸੀ ਵਿੱਚ ਰਹਿਣ ਵਾਲੇ ਅਤੇ ਅੰਤਰ-ਰਾਜ ਟਰੱਕਿੰਗ ਦਾ ਕੰਮ ਕਰਨ ਵਾਲੇ ਸਤਵੀਰ ਸਿੰਘ ਨੂੰ 11 ਸਤੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇੱਕ ਪੋਸਟ ਸਾਂਝੀ ਕਰਦਿਆਂ ਆਈ.ਸੀ.ਈ. (ICE) ਨੇ ਕਿਹਾ ਕਿ ਸਤਵੀਰ ਸਿੰਘ 2017 ਵਿੱਚ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਪਰ ਅੱਠ ਸਾਲਾਂ ਤੋਂ ਵੱਧ ਸਮੇਂ ਤੱਕ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ਵਿੱਚ ਰਹਿ ਕੇ ਉਸ ਨੇ ਆਪਣੇ ਦਾਖਲੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ। ਇਹ ਗ੍ਰਿਫ਼ਤਾਰੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਵੱਲੋਂ ਬਿਨਾਂ ਦਸਤਾਵੇਜ਼ਾਂ ਤੋਂ ਟਰੱਕ ਚਲਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵਿਵਾਦਿਤ ਡਿਜੀਟਲ ਇਸ਼ਤਿਹਾਰ ਨੂੰ ਹਟਾਉਣ ਤੋਂ ਸਿਰਫ਼ ਇੱਕ ਦਿਨ ਬਾਅਦ ਸਾਹਮਣੇ ਆਈ ਹੈ।

ਜ਼ਿਕਰਯੋਗ ਹੈ ਕਿ ਜਨਵਰੀ 2025 ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਵ੍ਹਾਈਟ ਹਾਊਸ ਵਿੱਚ ਵਾਪਸੀ ਤੋਂ ਬਾਅਦ ਦੇਸ਼ ਨਿਕਾਲਾ ਮੁਹਿੰਮ ਤਹਿਤ ਆਈ.ਸੀ.ਈ. (ICE) ਨੇ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਮੁਹਿੰਮ ਤਹਿਤ ਜਨਤਕ ਥਾਵਾਂ ‘ਤੇ ਹਜ਼ਾਰਾਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੁਹਿੰਮ ਦੀ ਭਾਰਤੀ-ਅਮਰੀਕੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਸੀ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੌਮ ਅਤੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਕਈ ਡੈਮੋਕ੍ਰੈਟਿਕ ਨੇਤਾਵਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ।

ਦੱਸ ਦੇਈਏ ਕਿ 11 ਸਤੰਬਰ ਦੇ ਹਮਲਿਆਂ ਤੋਂ ਬਾਅਦ 2002 ਦੇ ਹੋਮਲੈਂਡ ਸਕਿਓਰਿਟੀ ਐਕਟ ਤਹਿਤ ਬਣੀ ਇਹ ਏਜੰਸੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਜਾਂਚ ਕਰਦੀ ਹੈ। ਇਸ ਦੇ ਏਜੰਟ ਉਨ੍ਹਾਂ ਵਿਅਕਤੀਆਂ ਨੂੰ ਰੋਕ ਸਕਦੇ ਹਨ, ਹਿਰਾਸਤ ਵਿੱਚ ਲੈ ਸਕਦੇ ਹਨ ਅਤੇ ਗ੍ਰਿਫ਼ਤਾਰ ਕਰ ਸਕਦੇ ਹਨ ਜਿਨ੍ਹਾਂ ‘ਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਦਾ ਸ਼ੱਕ ਹੋਵੇ, ਹਾਲਾਂਕਿ ਕਿਸੇ ਦੇ ਨਿੱਜੀ ਘਰਾਂ ਵਿੱਚ ਦਾਖਲ ਹੋਣ ਲਈ ਅਦਾਲਤੀ ਵਾਰੰਟ ਦੀ ਲੋੜ ਹੁੰਦੀ ਹੈ।

The post ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਵੱਡੀ ਕਾਰਵਾਈ appeared first on Punjab Star.

Related Posts