ਅਮਰੀਕਾ ਦੇ ਨੇਵਾਦਾ ‘ਚ ਆਇਆ 5.7 ਤੀਬਰਤਾ ਦਾ ਭੂਚਾਲ; ਕੈਲੀਫੋਰਨੀਆ ਤੱਕ ਮਹਿਸੂਸ ਹੋਇਆ ਅਸਰ

ਨੇਵਾਦਾ : ਅਮਰੀਕਾ ਵਿੱਚ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿੱਚ ਭਾਜੜ ਮਚ ਗਈ। ਨੇਵਾਦਾ ਵਿੱਚ ਸਿਲਵਰ ਸਪ੍ਰਿੰਗਜ਼ ਦੇ ਕੋਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਜੀਓਲੋਜੀਕਲ ਸਰਵੇ ਅਨੁਸਾਰ ਨੇਵਾਦਾ ਦੇ ਸਿਲਵਰ ਸਪ੍ਰਿੰਗਜ਼ ਦੇ ਕੋਲ 5.7 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਇਲਾਕੇ ਦੇ ਕਈ ਹਿੱਸਿਆਂ ਵਿੱਚ ਝਟਕੇ ਮਹਿਸੂਸ ਕੀਤੇ ਗਏ। ਏਜੰਸੀ ਨੇ ਦੱਸਿਆ ਕਿ ਇਹ ਝਟਕਾ 9 ਕਿਲੋਮੀਟਰ (5.59 ਮੀਲ) ਦੀ ਡੂੰਘਾਈ ‘ਤੇ ਆਇਆ ਸੀ। ਭੂਚਾਲ ਦੇ ਝਟਕੇ ਕੈਲੀਫੋਰਨੀਆ ਅਤੇ ਸੈਨ ਜੋਸ ਵਿੱਚ ਵੀ ਮਹਿਸੂਸ ਕੀਤੇ ਗਏ।

ਕੈਲੀਫੋਰਨੀਆ ਵਿੱਚ 4.9 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਸ਼ੁਰੂਆਤ ਵਿੱਚ ਇਸਦੀ ਤੀਬਰਤਾ 5.1 ਦੱਸੀ ਗਈ ਸੀ, ਪਰ ਬਾਅਦ ਵਿੱਚ ‘ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ’ ਨੇ ਇਸ ਨੂੰ ਸੋਧ ਕੇ 4.9 ਦੱਸਿਆ। ਇਹ ਭੂਚਾਲ ਬੌਲਡਰ ਕ੍ਰੀਕ ਦੇ ਪੂਰਬ-ਦੱਖਣ-ਪੂਰਬ ਵਿੱਚ ਕਰੀਬ ਇੱਕ ਕਿਲੋਮੀਟਰ ਦੀ ਦੂਰੀ ‘ਤੇ ਆਇਆ ਅਤੇ ਇਸਦੀ ਡੂੰਘਾਈ 10.9 ਕਿਲੋਮੀਟਰ ਦਰਜ ਕੀਤੀ ਗਈ।

ਭੂਚਾਲ ਆਉਂਦੇ ਹੀ ਲੋਕਾਂ ਵਿੱਚ ਅਫਰਾ-ਤਫਰੀ ਮਚ ਗਈ। ਲੋਕ ਘਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ। ਹਾਲਾਂਕਿ, ਇਸ ਭੂਚਾਲ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੂਜੇ ਪਾਸੇ, ਸਥਾਨਕ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਝਟਕੇ ਕਾਫੀ ਤੇਜ਼ ਸਨ ਅਤੇ ਇਮਾਰਤਾਂ ਜ਼ੋਰਦਾਰ ਤਰੀਕੇ ਨਾਲ ਹਿੱਲਣ ਲੱਗ ਪਈਆਂ ਸਨ।

ਭੂਚਾਲ ਦੇ ਕਾਰਨ ਕੁਝ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਕੁਝ ਸਮੇਂ ਲਈ ਪ੍ਰਭਾਵਿਤ ਹੋਈ । ਹਾਲਾਂਕਿ, ਵੱਡੇ ਪੱਧਰ ‘ਤੇ ਕਿਤੇ ਵੀ ਬਿਜਲੀ ਗੁੱਲ ਹੋਣ ਦੀ ਖ਼ਬਰ ਨਹੀਂ ਹੈ। ਸਥਾਨਕ ਅਧਿਕਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਅਲਰਟ ਜਾਰੀ ਕਰ ਦਿੱਤਾ ਗਿਆ। ਯੂ.ਐੱਸ. ਜੀਓਲੋਜੀਕਲ ਸਰਵੇ ਅਤੇ ਨੇਵਾਦਾ ਸਿਸਮੋਲੋਜੀਕਲ ਲੈਬ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ‘ਆਫਟਰਸ਼ੌਕਸ’ (ਭੂਚਾਲ ਤੋਂ ਬਾਅਦ ਦੇ ਝਟਕਿਆਂ) ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ।

The post ਅਮਰੀਕਾ ਦੇ ਨੇਵਾਦਾ ‘ਚ ਆਇਆ 5.7 ਤੀਬਰਤਾ ਦਾ ਭੂਚਾਲ; ਕੈਲੀਫੋਰਨੀਆ ਤੱਕ ਮਹਿਸੂਸ ਹੋਇਆ ਅਸਰ appeared first on Punjab Star.

Related Posts