Kultaran Singh Padhiana
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੈਲਗਰੀ ਵਿਖੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਮੁਜ਼ਾਹਰਿਆਂ ਦੌਰਾਨ 12 ਜਣਿਆਂ ਨੂੰ ਕੈਨੇਡਾ ਵਿੱਚ ਦਾਖ਼ਲੇ ਲਈ ਸੰਭਵ ਤੌਰ ’ਤੇ ਅਯੋਗ ਮੰਨਿਆ ਗਿਆ ਹੈ। ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਦੇਸ਼ ਛੱਡਣ ਲਈ ਮਜਬੂਰ ਵੀ ਕੀਤਾ ਜਾ ਸਕਦਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਪੁਸ਼ਟੀ ਕੀਤੀ ਹੈ ਕਿ ਲੰਘੇ ਬੁੱਧਵਾਰ ਨੂੰ CBSA ਅਧਿਕਾਰੀਆਂ ਨੂੰ ਮੁਜ਼ਾਹਰੇ ਵਾਲੀ ਜਗ੍ਹਾ ’ਤੇ ਭੇਜਿਆ ਗਿਆ ਸੀ ਤਾਂ ਜੋ ਉੱਥੇ ਮੌਜੂਦ ਮੁਜ਼ਾਹਰਾਕਾਰੀਆਂ ਦੀ ਇਮੀਗ੍ਰੇਸ਼ਨ ਸਬੰਧੀ ਸਥਿਤੀ ਦੀ ਜਾਂਚ ਕੀਤੀ ਜਾ ਸਕੇ।
CBSA ਦੇ ਬੁਲਾਰੇ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਅਧਿਕਾਰੀਆਂ ਨੇ ਕੁੱਲ 20 ਜਣਿਆਂ ਦੀ ਇਮੀਗ੍ਰੇਸ਼ਨ ਸਥਿਤੀ ਦੀ ਮੌਕੇ ਤੇ ਜਾਂਚ ਕੀਤੀ ਸੀ । ਇਨ੍ਹਾਂ ਵਿੱਚੋਂ 12 ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਸੰਭਵ ਤੌਰ ’ਤੇ ਅਯੋਗ ਪਾਇਆ ਗਿਆ ਹੈ ਮਤਲਬ ਕਿ ਉਨ੍ਹਾਂ ਦੇ ਵੀਜੇ ਜਾ ਪਰਮਿਟ ਯੋਗ ਨਹੀਂ ਸਨ ਜਾਂ ਐਕਸਪਾਇਰ ਸਨ । CBSA ਦੇ ਬੁਲਾਰੇ ਮੁਤਾਬਿਕ ਇਨ੍ਹਾਂ ਵਿਅਕਤੀਆਂ ਨੂੰ ਉਸੇ ਦਿਨ ਬਾਅਦ ਵਿੱਚ CBSA ਦੇ ਦਫ਼ਤਰ ਵਿੱਚ ਫਾਲੋ-ਅੱਪ ਇੰਟਰਵਿਊ ਲਈ ਬੁਲਾਇਆ ਗਿਆ ਸੀ । CBSA ਮੁਤਾਬਕ ਨਿੱਜੀ ਜਾਣਕਾਰੀ ਸੰਬੰਧੀ ਕਾਨੂੰਨਾਂ ਕਾਰਨ ਇਨ੍ਹਾਂ ਮਾਮਲਿਆਂ ਬਾਰੇ ਹੋਰ ਵੇਰਵੇ ਨਹੀਂ ਦੱਸੇ ਜਾ ਸਕਦੇ।
ਦੱਸਣਯੋਗ ਹੈ ਕਿ ਇੰਨਾ ਪੀੜਤ ਵਿਦਿਆਰਥੀਆਂ ਵੱਲੋਂ ਵਾਰ ਵਾਰ ਇਹ ਗੱਲ ਦੱਸੀ ਗਈ ਹੈ ਕਿ ਕਾਲਜ਼ ਵੱਲੋਂ ਉਨ੍ਹਾਂ ਨਾਲ ਫਰਾਡ ਕੀਤਾ ਗਿਆ ਹੈ ਉਨ੍ਹਾਂ ਨੂੰ ਗਲਤ ਜਾਣਕਾਰੀ ਦੇਣ ਕਾਰਨ ਉਨ੍ਹਾਂ ਦੇ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ ਤੇ ਉਹ ਆਪਣੇ ਮਾਮਲਿਆਂ ਦੀ ਮੁੜ ਨਵੇਂ ਸਿਰੇ ਤੋਂ ਤਫਤੀਸ਼ ਕਰਵਾਉਣਾ ਚਾਹੁੰਦੇ ਹਨ। ਇਸ ਮਾਮਲੇ ਤੇ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿੱਥ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲਾਂ ਹੀ ਸਖ਼ਤ ਰੁਖ਼ ਅਖ਼ਤਿਆਰ ਕਰਨ ਦੀ ਗੱਲ ਕਹਿ ਚੁੱਕੇ ਹਨ। ਭਾਈਚਾਰੇ ਨਾਲ ਸਬੰਧਤ ਸਾਂਸਦਾਂ ਨੇ ਵੀ ਇਸ ਮਾਮਲੇ ਵਿੱਚ ਬਹੁਤਾ ਕੁੱਝ ਕਹਿਣ ਦੀ ਲੋੜ ਨਹੀਂ ਸਮਝੀ ਤੇ ਚੁੱਪ ਹੀ ਰਹਿਣਾ ਹੁਣ ਤੱਕ ਬੇਹਤਰ ਸਮਝਿਆ ਹੈ।
The post ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੁਜ਼ਾਹਰੇ ਦੌਰਾਨ CBSA ਨੇ 20 ਜਣਿਆਂ ਦੀ ਕੀਤੀ ਇਮੀਗ੍ਰੇਸ਼ਨ ਜਾਂਚ, 12 ਜਣੇ ਅਯੋਗ ਪਾਏ ਗਏ appeared first on Punjab Star.
