ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਫਿਰ ਕੀਤਾ ਬੰਦ!

ਤੇਹਰਾਨ : ਈਰਾਨ ਅਤੇ ਅਮਰੀਕਾ ਵਿਚਾਲੇ ਸੀਜ਼ਫਾਇਰ ਲਾਗੂ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਪੱਛਮੀ ਏਸ਼ੀਆ ਵਿੱਚ ਇੱਕ ਵਾਰ ਫਿਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਰਿਪੋਰਟਾਂ ਮੁਤਾਬਕ, ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਬੰਦ ਕਰ ਦਿੱਤਾ। ਈਰਾਨ ਨੇ ਇਹ ਕਦਮ ਲੈਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਚੁੱਕਿਆ ਹੈ। ਈਰਾਨੀ ਨਿਊਜ਼ ਏਜੰਸੀ ਦੇ ਅਨੁਸਾਰ, ਈਰਾਨ ਨੇ ਇੱਕ ਵਾਰ ਫਿਰ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਤੇਲ ਟੈਂਕਰਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ।

ਦੱਸ ਦਈਏ ਕਿ ਇਸਰਾਈਲ ਨੇ ਬੁੱਧਵਾਰ ਨੂੰ ਲੈਬਨਾਨ ਵਿੱਚ ਕਈ ਥਾਵਾਂ ‘ਤੇ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਕਈ ਲੋਕ ਮਾਰੇ ਗਏ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਲੈਬਨਾਨ ਦੀ ਸਿਵਲ ਡਿਫੈਂਸ ਟੀਮ ਅਨੁਸਾਰ, ਮਾਰੇ ਗਏ ਲੋਕ ਲੈਬਨਾਨ ਦੇ ਬੇਰੂਤ, ਬਾਲਬੇਕ, ਹਰਮੇਲ, ਨਬਾਤੀਹ, ਅਲੇ ਜ਼ਿਲ੍ਹੇ, ਸਿਡੋਨ ਦੇ ਰਹਿਣ ਵਾਲੇ ਸਨ। ਇਸਰਾਈਲੀ ਹਮਲੇ ਤੋਂ ਬਾਅਦ ਈਰਾਨ ਨੇ ਹੋਰਮੁਜ਼ ਸਟ੍ਰੇਟ ਨੂੰ ਮੁੜ ਬੰਦ ਕਰ ਦਿੱਤਾ ਹੈ। ਈਰਾਨ ਵੱਲੋਂ ਸਾਫ਼ ਚੇਤਾਵਨੀ ਦਿੱਤੀ ਗਈ ਹੈ ਕਿ ਹੋਰਮੁਜ਼ ਵਿੱਚੋਂ ਲੰਘਣ ਲਈ ਜਹਾਜ਼ ਮਾਲਕਾਂ ਨੂੰ ਇਜਾਜ਼ਤ ਲੈਣੀ ਪਵੇਗੀ। ਇਜਾਜ਼ਤ ਤੋਂ ਬਿਨਾਂ ਗੁਜ਼ਰਨ ‘ਤੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

IRNA ਦੀ ਰਿਪੋਰਟ ਮੁਤਾਬਕ, ਲੈਬਨਾਨ ‘ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਈਰਾਨ ਨੇ ਜਲਮਾਰਗ ਤੋਂ ਤੇਲ ਟੈਂਕਰਾਂ ਦੀ ਆਵਾਜਾਈ ਰੋਕ ਦਿੱਤੀ ਹੈ, ਜਿਸ ਨਾਲ ਗਲੋਬਲ ਐਨਰਜੀ ਸਪਲਾਈ ਰੂਟਸ ਨੂੰ ਲੈ ਕੇ ਨਵੀਆਂ ਚਿੰਤਾਵਾਂ ਵਧ ਗਈਆਂ ਹਨ। ਟਰੰਪ ਵੱਲੋਂ ਐਲਾਨੇ ਗਏ ਸੀਜ਼ਫਾਇਰ ਸਮਝੌਤੇ ਦੇ ਬਾਵਜੂਦ, ਇਜ਼ਰਾਈਲ ਨੇ ਲੈਬਨਾਨ ਵਿੱਚ ਆਪਣੇ ਫੌਜੀ ਆਪਰੇਸ਼ਨ ਜਾਰੀ ਰੱਖੇ ਹਨ। ਲੈਬਨਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ ਦੇ ਹਮਲਿਆਂ ਵਿੱਚ ਘੱਟੋ-ਘੱਟ 112 ਲੋਕਾਂ ਦੀ ਮੌਤ ਹੋਈ ਹੈ ਅਤੇ 800 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਈਰਾਨ ਨਾਲ ਸੀਜ਼ਫਾਇਰ ਪਲਾਨ ਵਿੱਚ ਹਿਜ਼ਬੁੱਲਾ ਸ਼ਾਮਲ ਨਹੀਂ ਹੈ।

The post ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਫਿਰ ਕੀਤਾ ਬੰਦ! appeared first on Punjab Star.

Related Posts