ਕਿਸਾਨ ਜਥੇਬੰਦੀਆਂ ਦਾ ਦਿੱਲੀ ਕੂਚ: ਸ਼ੰਭੂ-ਖਨੌਰੀ ਬਾਰਡਰ ਸੀਲ

ਚੰਡੀਗੜ੍ਹ: ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਟ੍ਰੇਡ ਡੀਲ ਯਾਨੀ ਕਿ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਕੀਤਾ ਹੈ। ਕਿਸਾਨ ਮੰਗਲਵਾਰ ਸਵੇਰੇ ਹੀ ਦਿੱਲੀ ਵਿੱਚ ਕਿਸਾਨ ਘਾਟ ਜਾਣ ਲਈ ਪਟਿਆਲਾ-ਅੰਬਾਲਾ ਵਿਚਾਲੇ ਬਣੇ ਸ਼ੰਭੂ ਬਾਰਡਰ ਅਤੇ ਸੰਗਰੂਰ-ਜੀਂਦ ਵਿਚਾਲੇ ਬਣੇ ਖਨੌਰੀ ਬਾਰਡਰ ‘ਤੇ ਪਹੁੰਚ ਗਏ।

ਕਿਸਾਨਾਂ ਦੇ ਮਾਰਚ ਨੂੰ ਦੇਖਦਿਆਂ ਹਰਿਆਣਾ-ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ । ਹਰਿਆਣਾ ਪੁਲਿਸ ਨੇ ਬਾਰਡਰ ‘ਤੇ ਭਾਰੀ ਬੈਰੀਕੇਡਿੰਗ ਕਰ ਦਿੱਤੀ ਹੈ, ਤਾਂ ਜੋ ਕਿਸਾਨਾਂ ਦੇ ਕਾਫ਼ਲਿਆਂ ਨੂੰ ਕੰਟਰੋਲ ਕੀਤਾ ਜਾ ਸਕੇ। ਦੱਸ ਦੇਈਏ ਕਿ ਕਿਸਾਨਾਂ ਨੇ ਅੱਜ ਦਿੱਲੀ ਦੇ ਕਿਸਾਨ ਘਾਟ ‘ਤੇ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਇਸ ਨੂੰ ਦੇਖਦਿਆਂ ਘੱਗਰ ਪੁਲ ‘ਤੇ ਵੀ ਵੱਡੇ ਪੱਧਰ ‘ਤੇ ਬੈਰੀਕੇਡਿੰਗ ਕੀਤੀ ਗਈ ਹੈ।

ਪ੍ਰਸ਼ਾਸਨ ਨੇ ਦਿੱਲੀ ਵੱਲ ਵਧਣ ਵਾਲੇ ਕਿਸਾਨ ਜਥਿਆਂ ਨੂੰ ਰੋਕਣ ਲਈ ਭਾਰੀ ਗਿਣਤੀ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਹੈ। ਇਸ ਤੋਂ ਇਲਾਵਾ JCB ਅਤੇ ਕ੍ਰੇਨ ਵਰਗੀਆਂ ਭਾਰੀਆਂ ਮਸ਼ੀਨਾਂ ਨੂੰ ਵੀ ਮੌਕੇ ‘ਤੇ ਲਗਾਇਆ ਗਿਆ ਹੈ। ਹਾਲਾਂਕਿ, ਫਿਲਹਾਲ ਨੈਸ਼ਨਲ ਹਾਈਵੇ-44 ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ ਹੈ, ਪਰ ਪੂਰੇ ਹਾਲਾਤ ‘ਤੇ ਪ੍ਰਸ਼ਾਸਨ ਲਗਾਤਾਰ ਨਜ਼ਰ ਬਣਾਏ ਹੋਏ ਹੈ।

ਇਸ ਦੌਰਾਨ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਦੇ ਕਿਸਾਨ ਦਿੱਲੀ ਪਹੁੰਚ ਕੇ ਇਸ ਰੈਲੀ ਵਿੱਚ ਹਿੱਸਾ ਲੈ ਰਹੇ ਹਨ । ਇਹ ਪ੍ਰਦਰਸ਼ਨ ‘ਦੇਸ਼ ਬਚਾਓ ਮੋਰਚਾ’ ਦੇ ਬੈਨਰ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ।

ਕਿਸਾਨਾਂ ਦੀ ਭੀੜ ਨੂੰ ਦੇਖਦਿਆਂ ਅੰਬਾਲਾ ਪੁਲਿਸ ਨੇ ਧਾਰਾ 163 ਲਾਗੂ ਕਰ ਦਿੱਤੀ ਹੈ। ਕਿਸਾਨਾਂ ਨੂੰ ਬੈਰੀਕੇਡ ਤੋਂ 100 ਮੀਟਰ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਉੱਥੇ ਹੀ ਸ਼ੰਭੂ ਬਾਰਡਰ ਬੰਦ ਕੀਤੇ ਜਾਣ ਨਾਲ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ ਹੈ। ਇਸ ਨੂੰ ਦੇਖਦਿਆਂ ਹਰਿਆਣਾ ਪੁਲਿਸ ਨੇ ਟ੍ਰੈਫਿਕ ਡਾਇਵਰਟ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 112 ‘ਤੇ ਕਾਲ ਕਰੋ।

ਇਸੇ ਦੌਰਾਨ ਸਰਕਾਰੀ ਸਰੋਤਾਂ ਅਨੁਸਾਰ ਕਿਸਾਨਾਂ ਦੀ ਅੱਜ ਸ਼ਾਮ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੀਟਿੰਗ ਹੋ ਸਕਦੀ ਹੈ। ਇਸ ਤੋਂ ਇਲਾਵਾ ਹਿਰਾਸਤ ਵਿੱਚ ਲਏ ਗਏ ਕਿਸਾਨ ਵੀ ਸ਼ਾਮ ਨੂੰ ਰਿਹਾਅ ਕੀਤੇ ਜਾ ਸਕਦੇ ਹਨ। ਅੰਬਾਲਾ ਦੇ SP ਅਜੀਤ ਸਿੰਘ ਸ਼ੇਖਾਵਤ ਨਾਲ ਮੀਟਿੰਗ ਤੋਂ ਬਾਅਦ ਇਹ ਫ਼ਾਰਮੂਲਾ ਬਣਿਆ ਹੈ। ਥੋੜ੍ਹੀ ਦੇਰ ਵਿੱਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਅੰਬਾਲਾ ਦੇ DC ਅਜੇ ਸਿੰਘ ਤੋਮਰ ਸ਼ੰਭੂ ਬਾਰਡਰ ‘ਤੇ ਪਹੁੰਚ ਸਕਦੇ ਹਨ।

The post ਕਿਸਾਨ ਜਥੇਬੰਦੀਆਂ ਦਾ ਦਿੱਲੀ ਕੂਚ: ਸ਼ੰਭੂ-ਖਨੌਰੀ ਬਾਰਡਰ ਸੀਲ appeared first on Punjab Star.

Related Posts