ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਕੈਲਗਰੀ ਨਿਵਾਸੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਉਸ ਉੱਤੇ ਦੋਸ਼ ਵੀ ਆਇਦ ਕਰ ਦਿੱਤੇ ਹਨ। ਮੁਲਜ਼ਮ ਦੀ ਪਛਾਣ ਜੈਮੀ ਡਾ ਕੋਸਟਾ (31) ਵਜੋਂ ਜਾਰੀ ਕੀਤੀ ਗਈ ਹੈ। ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਪੁਲੀਸ ਨੇ ਅੱਜ ਜੱਜ ਸਾਹਮਣੇ ਪੇਸ਼ ਕੀਤਾ, ਜਿੱਥੇ ਉਸ ਦੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਅੱਗੇ ਪਾ ਕੇ ਉਸ ਨੂੰ ਰਿਮਾਂਡ ਕੇਂਦਰ ਵਿੱਚ ਭੇਜ ਦਿੱਤਾ ਗਿਆ। ਉਸ ਉੱਤੇ ਸੈਕਸ਼ਨ 284.1 ਦੇ ਨਿਯਮ 1 ਏ ਅਧੀਨ ਚਲਾਨ ਪੇਸ਼ ਕੀਤਾ ਗਿਆ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਮੁਲਜ਼ਮ ਵੱਲੋਂ 25 ਜੁਲਾਈ ਨੂੰ ਆਪਣੇ ਯੂਟਿਊਬ ਖਾਤੇ ਤੋਂ ਪੋਸਟ ਕੀਤੀ ਵੀਡੀਓ ਵਿੱਚ ਲੋਕਾਂ ਨੂੰ ਮਾਰਕ ਕਾਰਨੀ ਵਿਰੁੱਧ ਭੜਕਾਉਂਦੇ ਹੋਏ ਓਟਾਵਾ ਪਹੁੰਚ ਕੇ ਉਸ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੇ ਸੱਦੇ ਦਿੱਤੇ ਗਏ ਸਨ। ਪੁਲੀਸ ਵੱਲੋਂ 28 ਜੁਲਾਈ ਨੂੰ ਇਸ ਪੋਸਟ ਦਾ ਨੋਟਿਸ ਲਿਆ ਗਿਆ ਅਤੇ ਯੂਟਿਊਬ ਖਾਤੇ ਤੋਂ ਮੁਲਜ਼ਮ ਦੀ ਪਛਾਣ ਕੀਤੀ ਗਈ। ਪੁਲੀਸ ਅਨੁਸਾਰ ਪਿਛਲੇ ਸਾਲ ਵੀ ਇਸੇ ਵਿਅਕਤੀ ਵੱਲੋਂ ਹਿੰਸਾ ਭੜਕਾਊ ਪੋਸਟਾਂ ਪਾਈਆਂ ਗਈਆਂ ਸਨ। ਉਸ ਉੱਤੇ ਪਹਿਲਾਂ ਕੀਤੇ ਅਪਰਾਧਾਂ ਦੇ ਜੁਰਮ ਵੀ ਆਇਦ ਕੀਤੇ ਗਏ ਹਨ।
The post ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ appeared first on Punjab Star.
