ਅਮਰੀਕਾ ਨੇ ਆਪਣੇ ਵੀਜ਼ਾ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੇ ਇਸ ਬਦਲਾਅ ਨਾਲ ਵਿਦੇਸ਼ੀ ਵਿਦਿਆਰਥੀ, ਵਿਦੇਸ਼ੀ ਪੱਤਰਕਾਰ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਲਈ ਆਉਣ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
ਟਰੰਪ ਪ੍ਰਸ਼ਾਸਨ ਦੇ ਮੁਤਾਬਕ, ਹੁਣ ਮੌਜੂਦਾ ਓਪਨ-ਐਂਡਿਡ ਸਿਸਟਮ (ਬਿਨਾਂ ਤੈਅ ਸਮਾਂ-ਸੀਮਾ ਵਾਲੇ ਸਿਸਟਮ) ਦੀ ਜਗ੍ਹਾ ਤੈਅ ਸਮਾਂ-ਸੀਮਾ ਵਾਲੇ ਵੀਜ਼ੇ ਲਾਗੂ ਕੀਤੇ ਜਾਣਗੇ, ਜਿਸ ਨਾਲ ਅਮਰੀਕਾ ਵਿੱਚ ਪੜ੍ਹਾਈ, ਕੰਮ ਜਾਂ ਰਿਪੋਰਟਿੰਗ ਕਰਨ ਦੇ ਚਾਹਵਾਨ ਲੋਕਾਂ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਦੱਸ ਦਈਏ ਕਿ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਅੰਤਿਮ ਨਿਯਮ ਦੇ ਤਹਿਤ ਕੌਮਾਂਤਰੀ ਵਿਦਿਆਰਥੀਆਂ ਲਈ ਐੱਫ (F) ਵੀਜ਼ਾ, ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ ਤਹਿਤ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣ ਵਾਲੇ ਜੇ (J) ਵੀਜ਼ਾ ਅਤੇ ਮੀਡੀਆ ਕਰਮੀਆਂ ਲਈ ਆਈ (I) ਵੀਜ਼ਾ ਦੀ ਹੁਣ ਇੱਕ ਤੈਅ ਮਿਆਦ ਹੋਵੇਗੀ। ਹੁਣ ਤੱਕ ਇਹ ਵੀਜ਼ੇ ਸਬੰਧਤ ਪ੍ਰੋਗਰਾਮ ਜਾਂ ਅਮਰੀਕਾ ਵਿੱਚ ਰੁਜ਼ਗਾਰ ਦੀ ਮਿਆਦ ਤੱਕ ਵੈਧ ਰਹਿੰਦੇ ਸਨ।
ਇਹ ਨਿਯਮ ਫੈਡਰਲ ਰਜਿਸਟਰ ਵਿੱਚ ਪ੍ਰਕਾਸ਼ਿਤ ਹੋਣ ਦੇ 60 ਦਿਨਾਂ ਬਾਅਦ ਲਾਗੂ ਹੋਵੇਗਾ। ਹਾਲਾਂਕਿ, ਇਸ ਨੂੰ ਲਾਗੂ ਹੋਣ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੀ ਸਮੀਖਿਆ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ। ਜਨਵਰੀ 2025 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ਼ੈਰ-ਕਾਨੂੰਨੀ ਅਤੇ ਕਾਨੂੰਨੀ ਦੋਵਾਂ ਤਰ੍ਹਾਂ ਦੇ ਪ੍ਰਵਾਸ ‘ਤੇ ਸਖ਼ਤੀ ਵਧਾ ਦਿੱਤੀ ਹੈ।
ਨਵੇਂ ਨਿਯਮਾਂ ਦੇ ਤਹਿਤ ਵਿਦਿਆਰਥੀ ਅਤੇ ਐਕਸਚੇਂਜ ਵੀਜ਼ਾ ਦੀ ਮਿਆਦ ਵੱਧ ਤੋਂ ਵੱਧ ਚਾਰ ਸਾਲ ਹੋਵੇਗੀ। ਉੱਥੇ ਹੀ, ਵਿਦੇਸ਼ੀ ਪੱਤਰਕਾਰਾਂ ਲਈ ਆਈ ਵੀਜ਼ਾ, ਜੋ ਹੁਣ ਤੱਕ ਕਈ ਸਾਲਾਂ ਤੱਕ ਵੈਧ ਰਹਿ ਸਕਦਾ ਸੀ, ਹੁਣ ਵੱਧ ਤੋਂ ਵੱਧ 240 ਦਿਨਾਂ ਲਈ ਦਿੱਤਾ ਜਾਵੇਗਾ। ਚੀਨੀ ਨਾਗਰਿਕਾਂ ਦੇ ਮਾਮਲੇ ਵਿੱਚ ਇਸਦੀ ਵੱਧ ਤੋਂ ਵੱਧ ਮਿਆਦ 90 ਦਿਨ ਹੋਵੇਗੀ। ਹਾਲਾਂਕਿ, ਵੀਜ਼ਾ ਧਾਰਕਾਂ ਨੂੰ ਮਿਆਦ ਵਧਾਉਣ ਲਈ ਅਰਜ਼ੀ ਦੇਣ ਦੀ ਇਜਾਜ਼ਤ ਹੋਵੇਗੀ।
The post ਟਰੰਪ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ! ਵੀਜ਼ਾ ਨਿਯਮ ਕੀਤੇ ਸਖ਼ਤ appeared first on Punjab Star.
