ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਬਗ਼ਾਵਤ ਦਰਮਿਆਨ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਇੱਥੇ ਕਾਂਗਰਸ ਭਵਨ ’ਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬਘੇਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਚੰਨੀ ਖੇਮੇ ਨੇ ਇੱਕ ਤਰੀਕੇ ਨਾਲ ਲਕੀਰ ਖਿੱਚ ਦਿੱਤੀ ਹੈ ਤੇ ਬਘੇਲ ਨਾਲੋਂ ਦੂਰੀ ਬਣਾ ਲਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਧੜੇ ਨੇ ਇੱਕ ਮਹੱਤਵਪੂਰਨ ਦਾਅਵਾ ਕੀਤਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਹਾਈਕਮਾਨ ਨੂੰ ਗੁੰਮਰਾਹ ਕੀਤਾ ਅਤੇ ਪੰਜਾਬ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਲੁਕਾਈ ਹੈ। ਇਸ ਕਰਕੇ ਕੇਂਦਰੀ ਲੀਡਰਸ਼ਿਪ ਨੇ ਰਾਜਾ ਵੜਿੰਗ ਦੀ ਲੀਡਰਸ਼ਿਪ ਨੂੰ ਬਰਕਰਾਰ ਰੱਖਿਆ ਹੈ।
ਬਘੇਲ ਦਾ ਬਾਈਕਾਟ ਕਰਨ ਪਿੱਛੇ ਇਹ ਹੀ ਵਜ੍ਹਾ ਸਾਹਮਣੇ ਆਈ ਹੈ। ਚੰਨੀ ਧੜੇ ਨਾਲ ਜੁੜੇ ਇੱਕ ਆਗੂ ਨੇ ਕਿਹਾ, “ਸਾਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ, ਤਾਂ ਉਨ੍ਹਾਂ ਨੂੰ ਮਿਲਣ ਦਾ ਕੋਈ ਮਤਲਬ ਨਹੀਂ।”ਅੱਜ ਕਾਂਗਰਸ ਭਵਨ ’ਚ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਲੰਘੇ ਕੱਲ੍ਹ ਭੁਪੇਸ਼ ਬਘੇਲ ਨੇ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਗਠਿਤ ਕੀਤੀਆਂ ਨਵੀਆਂ ਚਾਰ ਕਮੇਟੀਆਂ ਦੇ ਚੇਅਰਮੈਨਾਂ ਨਾਲ ਮੀਟਿੰਗ ਤੈਅ ਕੀਤੀ ਸੀ ਪ੍ਰੰਤੂ ਦੋ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਸਨ।
ਇਸ ਦੌਰਾਨ ਬਘੇਲ ਨੇ ਕਿਹਾ, “ਮੈਨੂੰ ਦੋ ਦਿਨ ਕੰਮ ਕਰਨ ਦਿਓ ਅਤੇ ਮੈਂ ਸਭ ਕੁਝ ਸਮਝਾਵਾਂਗਾ।” ਬਘੇਲ ਨੇ ਅੱਗੇ ਕਿਹਾ, “ਜੇਕਰ ਕੋਈ ਮੈਨੂੰ ਚਾਹ ਲਈ ਸੱਦਾ ਦਿੰਦਾ ਹੈ ਤਾਂ ਮੈਂ ਉਨ੍ਹਾਂ ਦੇ ਘਰ ਵੀ ਜਾਵਾਂਗਾ।”ਭੁਪੇਸ਼ ਬਘੇਲ ਨੇ ਅੱਜ ਚੰਡੀਗੜ੍ਹ ਵਿੱਚ ਦੋ ਮੀਟਿੰਗਾਂ ਬੁਲਾਈਆਂ ਹਨ। ਪਹਿਲੀ ਕਾਰਜਕਾਰੀ ਮੁਖੀਆਂ ਅਤੇ ਅਹੁਦੇਦਾਰਾਂ ਨਾਲ ਹੈ, ਜਿਨ੍ਹਾਂ ਦਾ ਚੰਨੀ ਧੜੇ ਨੇ ਬਾਈਕਾਟ ਕੀਤਾ ਹੈ। ਦੂਜੀ ਜ਼ਿਲ੍ਹਾ ਮੁਖੀਆਂ ਨਾਲ ਹੈ, ਜੋ ਸਾਰੇ ਵੜਿੰਗ ਦੇ ਸਮਰਥਕ ਹਨ। ਇਸ ਤੋਂ ਬਾਅਦ, ਬਘੇਲ ਸੀਨੀਅਰ ਆਗੂਆਂ ਨਾਲ ਇੱਕ-ਨਾਲ-ਇੱਕ ਮੀਟਿੰਗਾਂ ਵੀ ਕਰਨਗੇ। ਦੱਸ ਦਈਏ ਕਿ ਬੀਤੇ ਕੱਲ੍ਹ ਯਾਨੀ 6 ਜੁਲਾਈ ਨੂੰ ਭੂਪੇਸ਼ ਬਘੇਲ ਚੰਡੀਗੜ੍ਹ ਪਹੁੰਚੇ ਸਨ। ਉਹ ਪੰਜ ਦਿਨਾਂ ਦੇ ਲਈ ਪੰਜਾਬ ਦੌਰੇ ‘ਤੇ ਹਨ।
ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਹਟਾਉਣ ‘ਤੇ ਅੜੇ ਹਨ। ਇਸ ਲਈ ਉਨ੍ਹਾਂ ਨੇ 3 ਜੁਲਾਈ ਨੂੰ ਮੋਰਿੰਡਾ ਸਥਿਤ ਆਪਣੇ ਘਰ ‘ਤੇ ਲਗਭਗ 50 ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਪ੍ਰਧਾਨ ਰਾਜਾ ਵੜਿੰਗ ਚਰਨਜੀਤ ਚੰਨੀ ਦਾ ਮੁਕਾਬਲਾ ਕਰਨ ਲਈ ਘਰ-ਘਰ ਜਾ ਕੇ ਆਗੂਆਂ ਨੂੰ ਮਿਲਨਾ ਸ਼ੁਰੂ ਕਰ ਦਿੱਤਾ।
The post ਬਗ਼ਾਵਤ ਵਿਚਾਲੇ ਬਘੇਲ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ, ਚੰਨੀ ਧੜੇ ਨੇ ਕੀਤਾ ਬਾਈਕਾਟ appeared first on Punjab Star.
