ਬਿੱਟੂ ਮਰੇ ਲੋਕਾਂ ਦਾ ਮੁੱਦਾ ਬੇਵਜ੍ਹਾ ਚੁੱਕ ਰਹੇ ਨੇ: ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਵੇਂ ਇਤਿਹਾਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਪਰ ਪਿਛਲੀਆਂ ਘਟਨਾਵਾਂ ਨੂੰ ਵਰਤਮਾਨ ‘ਚ ਲੋਕਾਂ ‘ਚ ਮਤਭੇਦ ਪੈਦਾ ਕਰਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੋਸ਼ਲ ਮੀਡੀਆ ’ਤੇ ਮਰੇ ਹੋਏ ਕਲੀਨ-ਸ਼ੇਵ ਵਿਅਕਤੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਕੇ ਬੇਵਜ੍ਹਾ ਇਸ ਮੁੱਦੇ ਨੂੰ ਉਭਾਰ ਰਹੇ ਹਨ।

ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਕੈਪਟਨ ਨੇ ਕਿਹਾ ਕਿ ਘਟਨਾਵਾਂ ਨੂੰ ਇਕਪਾਸੜ ਢੰਗ ਨਾਲ ਨਹੀਂ, ਸਗੋਂ ਪੂਰੇ ਪ੍ਰਸੰਗ ’ਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜੇ ਕਰੀਬ 25 ਹਜ਼ਾਰ ਲੋਕ ਮਾਰੇ ਗਏ ਹਨ ਤਾਂ 1,800 ਪੁਲਿਸ ਮੁਲਾਜ਼ਮ ਵੀ ਅਤਿਵਾਦ ਨਾਲ ਲੜਦੇ ਹੋਏ ਸ਼ਹੀਦ ਹੋਏ ਹਨ। ਇਸ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਨਾਗਰਿਕ ਵੀ ਆਪਣੀ ਜਾਨ ਗੁਆ ਬੈਠੇ। ਦੋਵੇਂ ਧਿਰਾਂ ਵੱਲੋਂ ਹੋਈਆਂ ਵਧੀਕੀਆਂ ਦੀ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਸ ਨੇ ਫਿਲਮ ਹਟਵਾਈ ਹੈ।

ਖਾਲੜਾ ਬਾਰੇ ਕੀ ਬੋਲੇ?

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਾਲੜਾ ਨੇ ਲਾਪਤਾ ਵਿਅਕਤੀਆਂ ਦੇ ਮਾਮਲਿਆਂ ਬਾਰੇ ਸਬੂਤ ਇਕੱਠੇ ਕਰਨ ਦਾ ਕੰਮ ਕੀਤਾ ਸੀ ਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਸੀ। ਉਨ੍ਹਾਂ ਕਿਹਾ ਕਿ ਭਾਵੇਂ ਅਤੀਤ ਨੂੰ ਸਵੀਕਾਰ ਕਰਨਾ ਤੇ ਸਿੱਖਣਾ ਮਹੱਤਵਪੂਰਨ ਹੈ, ਪਰ ਪੁਰਾਣੀਆਂ ਘਟਨਾਵਾਂ ਦੇ ਆਧਾਰ ‘ਤੇ ਨਵੀਂ ਪੀੜ੍ਹੀ ‘ਚ ਤਣਾਅ ਪੈਦਾ ਕਰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦ ਦੇ ਦੌਰ ਦੌਰਾਨ ਵੀ ਪੰਜਾਬ ਟਚ ਹਿੰਦੂ ਤੇ ਸਿੱਖਾਂ ਵਿਚਕਾਰ ਭਾਈਚਾਰੇ ਦੀ ਭਾਵਨਾ ਬਰਕਰਾਰ ਰਹੀ।

ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਕੇਪੀਐਸ ਗਿੱਲ ਦਾ ਬਚਾਅ ਕਰਦੇ ਹੋਏ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਤਵਾਦ ਨੂੰ ਖ਼ਤਮ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

The post ਬਿੱਟੂ ਮਰੇ ਲੋਕਾਂ ਦਾ ਮੁੱਦਾ ਬੇਵਜ੍ਹਾ ਚੁੱਕ ਰਹੇ ਨੇ: ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ appeared first on Punjab Star.

Related Posts