ਮਿਡਲ ਈਸਟ ਦੀ ਜੰਗ ਦੇ ਪ੍ਰਭਾਵ ਨਾਲ ਭਾਰਤੀ ਬੌਂਡ ਮਾਰਕੀਟ ਵਿੱਚ ਵੱਡੀ ਗਿਰਾਵਟ

ਕੁਲਤਰਨ ਸਿੰਘ ਪਧਿਆਣਾ

ਮਿਡਲ ਈਸਟ ਵਿੱਚ ਵਧ ਰਹੀ ਤਣਾਅਪੂਰਨ ਸਥਿਤੀ ਦਾ ਅਸਰ ਭਾਰਤ ਦੀ ਵਿੱਤੀ ਮਾਰਕੀਟ ‘ਤੇ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਹਾਲੀਆ ਦਿਨਾਂ ਵਿੱਚ ਭਾਰਤੀ ਸਰਕਾਰੀ ਬੌਂਡਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ 2023 ਤੋਂ ਬਾਅਦ ਸਭ ਤੋਂ ਵੱਡੀ ਮੰਨੀ ਜਾ ਰਹੀ ਹੈ। ਆਰਥਿਕ ਮਾਹਿਰਾਂ ਮੁਤਾਬਕ, ਜੰਗੀ ਹਾਲਾਤਾਂ ਕਾਰਨ ਗਲੋਬਲ ਮਾਰਕੀਟਾਂ ਵਿੱਚ ਅਸਥਿਰਤਾ ਵਧੀ ਹੈ, ਜਿਸ ਨਾਲ ਨਿਵੇਸ਼ਕ ਸੁਰੱਖਿਅਤ ਨਿਵੇਸ਼ ਵੱਲ ਵਧ ਰਹੇ ਹਨ। ਇਸ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਨੇ ਭਾਰਤ ਵਰਗੇ ਤੇਲ ਆਯਾਤ ਕਰਨ ਵਾਲੇ ਦੇਸ਼ਾਂ ਲਈ ਚਿੰਤਾਵਾਂ ਵਧਾ ਦਿੱਤੀਆਂ ਹਨ।

ਭਾਵੇਂ ਕਿ ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਮਾਰਕੀਟ ਨੂੰ ਸਹਾਰਾ ਦੇਣ ਲਈ ਕਦਮ ਚੁੱਕੇ ਗਏ ਹਨ, ਪਰ ਮਿਡਲ ਈਸਟ ਦੀ ਜੰਗ ਦੇ ਪ੍ਰਭਾਵ ਨੇ ਉਹਨਾਂ ਉਪਰ ਹਾਵੀ ਹੋ ਕੇ ਬੌਂਡ ਯੀਲਡ ਵਿੱਚ ਵਾਧਾ ਕੀਤਾ ਹੈ ਅਤੇ ਕੀਮਤਾਂ ਵਿੱਚ ਗਿਰਾਵਟ ਆਈ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਜੇਕਰ ਜਿਓਪਾਲਿਟੀਕਲ ਤਣਾਅ ਜਾਰੀ ਰਹਿੰਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਵੀ ਮਾਰਕੀਟ ਵਿੱਚ ਉਤਾਰ-ਚੜ੍ਹਾਅ ਜਾਰੀ ਰਹਿ ਸਕਦਾ ਹੈ। ਨਿਵੇਸ਼ਕਾਂ ਨੂੰ ਸਾਵਧਾਨੀ ਨਾਲ ਫੈਸਲੇ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਕੁੱਝ ਦਿਨ ਪਹਿਲਾਂ ਹੀ ਲੱਖਾਂ ਕਰੋੜ ਰੁਪਏ ਦੇ ਨਵੇਂ ਸਰਕਾਰੀ ਬੌਂਡ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਬੌਂਡ ਮਾਰਕੀਟ ‘ਚ ਹੋਰ ਹਲਚਲ ਦੇਖਣ ਨੂੰ ਮਿਲ ਰਹੀ ਹੈ।

ਵਿੱਤ ਮੰਤਰਾਲੇ ਦੇ ਅਨੁਸਾਰ, ਇਹ ਬੌਂਡ ਜਾਰੀ ਕਰਕੇ ਸਰਕਾਰ ਆਪਣੀਆਂ ਖਰਚ ਯੋਜਨਾਵਾਂ ਅਤੇ ਵਿੱਤੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਇਕੱਠੇ ਵੱਡੀ ਮਾਤਰਾ ਵਿੱਚ ਬੌਂਡ ਆਉਣ ਨਾਲ ਮਾਰਕੀਟ ‘ਚ ਸਪਲਾਈ ਵਧਦੀ ਹੈ, ਜਿਸ ਕਾਰਨ ਕੀਮਤਾਂ ‘ਤੇ ਦਬਾਅ ਪੈਂਦਾ ਹੈ ਅਤੇ ਯੀਲਡ ਵਿੱਚ ਵਾਧਾ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਿਡਲ ਈਸਟ ਦੀ ਸਥਿਤੀ ਕਾਰਨ ਨਿਵੇਸ਼ਕ ਸਾਵਧਾਨ ਹਨ, ਅਤੇ ਹੁਣ ਸਰਕਾਰੀ ਬੌਂਡਾਂ ਨੂੰ ਵੱਡੀ ਤਾਦਾਦ ਵਿੱਚ ਜਾਰੀ ਕਰਨ ਦੀ ਲੋੜ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ, ਰਿਜ਼ਰਵ ਬੈਂਕ ਆਫ ਇੰਡੀਆ (RBI) ਵੱਲੋਂ ਮਾਰਕੀਟ ਨੂੰ ਸਥਿਰ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ, ਪਰ ਗਲੋਬਲ ਅਸਰ ਹਾਲੇ ਵੀ ਭਾਰੀ ਪੈ ਰਹੇ ਹਨ।

The post ਮਿਡਲ ਈਸਟ ਦੀ ਜੰਗ ਦੇ ਪ੍ਰਭਾਵ ਨਾਲ ਭਾਰਤੀ ਬੌਂਡ ਮਾਰਕੀਟ ਵਿੱਚ ਵੱਡੀ ਗਿਰਾਵਟ appeared first on Punjab Star.

Related Posts