ਰਾਸ਼ਟਰਪਤੀ ਟਰੰਪ ਆਪਣੇ ਬੇਟੇ ਦੇ ਵਿਆਹ ਸਮਾਗਮ ‘ਚ ਨਹੀਂ ਹੋਣਗੇ ਸ਼ਾਮਲ, ‘ਟਰੁਥ ਸੋਸ਼ਲ’ ‘ਤੇ ਖੁਦ ਦੱਸੀ ਵਜ੍ਹਾ!

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫ਼ਤੇ ਦੇ ਅਖੀਰ ਵਿੱਚ ਆਪਣੇ ਸਭ ਤੋਂ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁਥ ਸੋਸ਼ਲ’ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ।

ਟਰੰਪ ਨੇ ਇਸ ਦਾ ਕਾਰਨ ਅੰਤਰਰਾਸ਼ਟਰੀ ਹਾਲਾਤ ਅਤੇ ਸਰਕਾਰ ਨਾਲ ਜੁੜੇ ਬੇਹੱਦ ਅਹਿਮ ਮਾਮਲਿਆਂ ਨੂੰ ਦੱਸਿਆ ਹੈ। ਡੋਨਾਲਡ ਟਰੰਪ ਜੂਨੀਅਰ ਦਾ ਵਿਆਹ ਬੇਟੀਨਾ ਐਂਡਰਸਨ ਨਾਲ ਹੋਣ ਜਾ ਰਿਹਾ ਹੈ।

ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਕਾਰਨ ਉਹਨਾਂ ਨੂੰ ਵ੍ਹਾਈਟ ਹਾਊਸ ਵਿੱਚ ਹੀ ਰਹਿਣਾ ਪਵੇਗਾ। ਇਸ ਤੋਂ ਪਹਿਲਾਂ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਰਾਸ਼ਟਰਪਤੀ ਟਰੰਪ ਨੇ ਨਿਊ ਜਰਸੀ ਸਥਿਤ ਗੋਲਫ਼ ਪ੍ਰਾਪਰਟੀ ‘ਤੇ ਰੁਕਣ ਦਾ ਪਲਾਨ ਰੱਦ ਕਰ ਦਿੱਤਾ ਹੈ ਅਤੇ ਵ੍ਹਾਈਟ ਹਾਊਸ ਪਰਤ ਆਏ ਹਨ।

ਟਰੰਪ ਨੇ ਟਰੁਥ ਸੋਸ਼ਲ ‘ਤੇ ਲਿਖਿਆ, “ਹਾਲਾਂਕਿ ਮੈਂ ਆਪਣੇ ਪੁੱਤਰ ਡੌਨ ਜੂਨੀਅਰ ਅਤੇ ਟਰੰਪ ਪਰਿਵਾਰ ਦੇ ਸਭ ਤੋਂ ਨਵੇਂ ਮੈਂਬਰ, ਉਸਦੀ ਹੋਣ ਵਾਲੀ ਪਤਨੀ, ਬੈਟੀਨਾ ਨਾਲ ਰਹਿਣਾ ਚਾਹੁੰਦਾ ਸੀ, ਪਰ ਸਰਕਾਰ ਨਾਲ ਸਬੰਧਤ ਹਾਲਾਤਾਂ ਅਤੇ ਅਮਰੀਕਾ ਪ੍ਰਤੀ ਮੇਰੇ ਪਿਆਰ ਕਾਰਨ ਮੈਂ ਅਜਿਹਾ ਨਹੀਂ ਕਰ ਸਕਦਾ।”
ਟਰੰਪ ਨੇ ਅੱਗੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਇਸ ਮਹੱਤਵਪੂਰਨ ਸਮੇਂ ਦੌਰਾਨ ਮੇਰੇ ਲਈ ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਵਿੱਚ ਰਹਿਣਾ ਜ਼ਰੂਰੀ ਹੈ।

ਦੱਸ ਦਈਏ ਕਿ ਟਰੰਪ ਨੇ ਇੱਕ ਦਿਨ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਉਹ ਬੇਟੇ ਦੇ ਵਿਆਹ ਤੋਂ ਦੂਰ ਰਹਿ ਸਕਦੇ ਹਨ। ਇਸ ਦੇ ਲਈ ਉਹਨਾਂ ਨੇ ਈਰਾਨ ਨੂੰ ਵਜ੍ਹਾ ਦੱਸਿਆ ਸੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੇਰੇ ਕੋਲ ਈਰਾਨ ਅਤੇ ਕੁਝ ਹੋਰ ਮਾਮਲੇ ਹਨ। ਉਹਨਾਂ ਨੇ ਕਿਹਾ ਕਿ ਟਰੰਪ ਜੂਨੀਅਰ ਚਾਹੁੰਦੇ ਸਨ ਕਿ ਉਹ ਇਸ ਸਮਾਰੋਹ ਵਿੱਚ ਸ਼ਾਮਲ ਹੋਣ।

ਟਰੰਪ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਜੇਕਰ ਉਹ ਵਿਆਹ ਵਿੱਚ ਸ਼ਾਮਲ ਹੁੰਦੇ ਹਨ ਤਾਂ ਆਲੋਚਨਾ ਹੋਵੇਗੀ ਅਤੇ ਜੇਕਰ ਨਹੀਂ ਜਾਂਦੇ ਹਨ ਤਾਂ ਵੀ ਸਵਾਲ ਚੁੱਕੇ ਜਾਣਗੇ। ਦੱਸ ਦਈਏ ਕਿ ਵਿਆਹ ਦਾ ਸਮਾਰੋਹ ਬਹਾਮਾਸ ਦੇ ਇੱਕ ਛੋਟੇ ਜਿਹੇ ਟਾਪੂ ‘ਤੇ ਹੋਵੇਗਾ, ਜਿਸ ਵਿੱਚ ਪਰਿਵਾਰ ਦੇ ਕਰੀਬੀ ਮੈਂਬਰ ਅਤੇ ਦੋਸਤ ਸ਼ਾਮਲ ਹੋਣਗੇ।

The post ਰਾਸ਼ਟਰਪਤੀ ਟਰੰਪ ਆਪਣੇ ਬੇਟੇ ਦੇ ਵਿਆਹ ਸਮਾਗਮ ‘ਚ ਨਹੀਂ ਹੋਣਗੇ ਸ਼ਾਮਲ, ‘ਟਰੁਥ ਸੋਸ਼ਲ’ ‘ਤੇ ਖੁਦ ਦੱਸੀ ਵਜ੍ਹਾ! appeared first on Punjab Star.

Related Posts