ਸਰਕਾਰੀ ਨਸ਼ਾ ਛੁਡਾਊ ਕੇਂਦਰ ‘ਚ ਹੰਗਾਮਾ, ਸਟਾਫ ਨਾਲ ਮਾਰਕੁੱਟ ਕਰ ਭੱਜੇ ਲਗਭਗ 30 ਨੌਜਵਾਨ

ਮੋਗਾ: ਮੋਗਾ ਦੇ ਪਿੰਡ ਜਨੇਰ ਵਿੱਚ ਸਥਿਤ ਸਰਕਾਰੀ ਨਸ਼ਾ ਮੁਕਤੀ ਕੇਂਦਰ ਤੋਂ ਕਰੀਬ 30 ਮਰੀਜ਼ ਤਾਲਾ ਤੋੜ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਕੇਂਦਰ ਵਿੱਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਭੱਜਣ ਤੋਂ ਪਹਿਲਾਂ ਕੁਝ ਮਰੀਜ਼ਾਂ ਨੇ ਸਟਾਫ ਅਤੇ ਸਿਕਿਉਰਿਟੀ ਗਾਰਡਾਂ ਨਾਲ ਧੱਕਾ-ਮੁੱਕੀ ਅਤੇ ਮਾਰਕੁੱਟ ਵੀ ਕੀਤੀ। ਇਹ ਸਾਰੀ ਘਟਨਾ ਕੇਂਦਰ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ।

ਜਾਣਕਾਰੀ ਮੁਤਾਬਕ, ਥਾਣਾ ਕੋਟ ਈਸੇ ਖਾਂ ਦੇ ਅਧੀਨ ਆਉਂਦੇ ਇਸ ਨਸ਼ਾ ਮੁਕਤੀ ਕੇਂਦਰ ਵਿੱਚ ਮਰੀਜ਼ਾਂ ਅਤੇ ਸਟਾਫ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ। ਕੁਝ ਹੀ ਸਮੇਂ ਵਿੱਚ ਮਾਮਲਾ ਵੱਧ ਗਿਆ ਅਤੇ ਕੁਝ ਮਰੀਜ਼ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਪਹਿਲਾਂ ਸਿਕਿਉਰਿਟੀ ਕਰਮਚਾਰੀਆਂ ਨੂੰ ਧੱਕੇ ਮਾਰ ਕੇ ਪਿੱਛੇ ਕੀਤਾ ਅਤੇ ਫਿਰ ਮੁੱਖ ਗੇਟ ਦਾ ਤਾਲਾ ਤੋੜ ਕੇ ਬਾਹਰ ਨਿਕਲ ਗਏ।

ਸੂਤਰਾਂ ਅਨੁਸਾਰ ਕੇਂਦਰ ਵਿੱਚ ਕੁੱਲ 95 ਮਰੀਜ਼ ਦਾਖਲ ਸਨ। ਇਨ੍ਹਾਂ ਵਿੱਚੋਂ ਕਰੀਬ 30 ਨੌਜਵਾਨ ਮੌਕੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ, ਜਦਕਿ ਬਾਕੀ ਮਰੀਜ਼ ਕੇਂਦਰ ਦੇ ਅੰਦਰ ਹੀ ਰਹੇ। ਸਿਕਿਉਰਿਟੀ ਗਾਰਡਾਂ ਨੇ ਦੱਸਿਆ ਕਿ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਸੀ। ਹਾਲਾਂਕਿ ਕੁਝ ਮਰੀਜ਼ਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ, ਪਰ ਵੱਡੀ ਗਿਣਤੀ ਵਿੱਚ ਨੌਜਵਾਨ ਭੱਜਣ ਵਿੱਚ ਕਾਮਯਾਬ ਰਹੇ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ CCTV ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰਾਰ ਹੋਏ ਨੌਜਵਾਨਾਂ ਦੀ ਤਲਾਸ਼ ਲਈ ਆਲੇ-ਦੁਆਲੇ ਦੇ ਇਲਾਕਿਆਂ ਅਤੇ ਸੰਭਾਵਿਤ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਕੇਂਦਰ ਦੇ ਕਰਮਚਾਰੀਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਸਰਕਾਰੀ ਨਸ਼ਾ ਛੁਡਾਊ ਕੇਂਦਰ ‘ਚ ਹੰਗਾਮਾ, ਸਟਾਫ ਨਾਲ ਮਾਰਕੁੱਟ ਕਰ ਭੱਜੇ ਲਗਭਗ 30 ਨੌਜਵਾਨ appeared first on Punjab Star.

Related Posts