ਚੰਡੀਗੜ੍ਹ: ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੇ ਅਕੈਡਮਿਕ ਸੈਸ਼ਨ 2026-27 ਲਈ NRI ਕੋਟੇ ਹੇਠ ਦਾਖਲੇ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ NRI ਕੋਟੇ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਯੋਗਤਾ ਸ਼ਰਤਾਂ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਕਰ ਦਿੱਤੀਆਂ ਹਨ।
ਪਹਿਲਾਂ ਵਿਦਿਆਰਥੀ ਚਾਚਾ, ਮਾਮਾ, ਦਾਦਾ-ਦਾਦੀ ਜਾਂ ਫਰਸਟ ਕਜ਼ਿਨ ਵਰਗੇ ਰਿਸ਼ਤੇਦਾਰਾਂ ਦੇ ਆਧਾਰ ‘ਤੇ ਵੀ NRI ਕੋਟੇ ਵਿੱਚ ਅਰਜ਼ੀ ਦੇ ਸਕਦੇ ਸਨ। ਪਰ ਹੁਣ ਨਵੇਂ ਨਿਯਮਾਂ ਅਨੁਸਾਰ ਕੇਵਲ ਅਸਲੀ NRI ਉਮੀਦਵਾਰ ਜਾਂ ਉਨ੍ਹਾਂ ਦੇ ਮਾਤਾ-ਪਿਤਾ ਦੇ ਆਧਾਰ ‘ਤੇ ਹੀ ਇਸ ਕੋਟੇ ਦਾ ਲਾਭ ਮਿਲੇਗਾ। ਇਸ ਨਾਲ ਰਿਸ਼ਤੇਦਾਰਾਂ ਰਾਹੀਂ ਦਾਖਲਾ ਲੈਣ ਦਾ ਰਸਤਾ ਲਗਭਗ ਖ਼ਤਮ ਹੋ ਗਿਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਪਹਿਲਾਂ ਵਾਂਗ ਹੀ 10 ਫ਼ੀਸਦੀ ਵਾਧੂ ਸੀਟਾਂ NRI ਅਤੇ ਉਨ੍ਹਾਂ ਦੇ ਬੱਚਿਆਂ ਲਈ ਰਾਖਵੀਆਂ ਰਹਿਣਗੀਆਂ। ਇਸ ਤੋਂ ਇਲਾਵਾ 25 ਫ਼ੀਸਦੀ ਸੀਟਾਂ ਵਿਦੇਸ਼ੀ ਨਾਗਰਿਕਾਂ ਲਈ ਰਾਖਵੀਆਂ ਹਨ।
ਦਾਖਲੇ ਲਈ ਵਿਦਿਆਰਥੀਆਂ ਨੂੰ NRI ਸਟੇਟਸ ਨਾਲ ਜੁੜੇ ਲਾਜ਼ਮੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ। ਇਨ੍ਹਾਂ ਵਿੱਚ ਪਾਸਪੋਰਟ, ਵੀਜ਼ਾ ਅਤੇ ਵਿਦੇਸ਼ ਵਿੱਚ ਰਹਾਇਸ਼ ਦਾ ਸਬੂਤ ਸ਼ਾਮਲ ਹੋਵੇਗਾ। ਯੂਨੀਵਰਸਿਟੀ ਨੇ ਕਿਹਾ ਹੈ ਕਿ ਸਾਰੇ ਉਮੀਦਵਾਰਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਤੈਅ ਕੀਤੀਆਂ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।
ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਇਹ ਫ਼ੈਸਲਾ ਸੁਪਰੀਮ ਕੋਰਟ ਵੱਲੋਂ NRI ਕੋਟੇ ਦੇ ਗਲਤ ਇਸਤੇਮਾਲ ਬਾਰੇ ਜਤਾਈ ਚਿੰਤਾ ਤੋਂ ਬਾਅਦ ਲਿਆ ਗਿਆ ਹੈ। ਨਿਯਮਾਂ ਦੀ ਸਮੀਖਿਆ ਕਰਨ ਤੋਂ ਬਾਅਦ ਯੋਗਤਾ ਨੂੰ ਸੀਮਿਤ ਕਰਨ ਦਾ ਫ਼ੈਸਲਾ ਕੀਤਾ ਗਿਆ, ਤਾਂ ਜੋ ਸਿਰਫ਼ ਅਸਲੀ NRI ਪਰਿਵਾਰਾਂ ਨੂੰ ਹੀ ਇਸ ਕੋਟੇ ਦਾ ਲਾਭ ਮਿਲ ਸਕੇ।
ਇਸ ਦੇ ਨਾਲ ਹੀ ਯੂਨੀਵਰਸਿਟੀ ਵਿੱਚ NRI ਅਤੇ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਵੱਖਰੀ ਹੋਸਟਲ ਸਹੂਲਤ ਵੀ ਉਪਲਬਧ ਹੈ। ਇੱਥੇ ਕਰੀਬ 55 ਕਮਰੇ ਬਣਾਏ ਗਏ ਹਨ। ਕੁਝ ਗੈਸਟ ਰੂਮਾਂ ਵਿੱਚ AC ਅਤੇ ਅਟੈਚ ਵਾਸ਼ਰੂਮ ਦੀ ਸਹੂਲਤ ਵੀ ਹੈ। ਹੋਸਟਲ ਵਿੱਚ 24 ਘੰਟੇ ਵਾਰਡਨ ਅਤੇ ਸਟਾਫ਼ ਮੌਜੂਦ ਰਹਿੰਦਾ ਹੈ।
ਵਿਦਿਆਰਥੀਆਂ ਲਈ ਵਾਈ-ਫਾਈ, ਮੈਸ, ਡਾਈਨਿੰਗ ਹਾਲ, ਕੈਂਟੀਨ, ਸਾਫ਼ ਪੀਣ ਵਾਲਾ ਪਾਣੀ ਅਤੇ ਕੂਲਰ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਿਜ਼ਟਰ ਲਾਊਂਜ, ਕਾਮਨ ਰੂਮ, LED TV, ਮਿਊਜ਼ਿਕ ਸਿਸਟਮ ਅਤੇ ਇੰਡੋਰ ਗੇਮਜ਼ ਨਾਲ ਬੈਡਮਿੰਟਨ ਤੇ ਵਾਲੀਬਾਲ ਦੀ ਸਹੂਲਤ ਵੀ ਮੌਜੂਦ ਹੈ।
The post PU ‘ਚ ਦਾਖਲਿਆਂ ਲਈ ਨਵੇਂ ਨਿਯਮ ਲਾਗੂ, ਹੁਣ ਨਹੀਂ ਹੋ ਸਕੇਗੀ ਇਸ ਕੋਟੇ ਦੀ ਗਲਤ ਵਰਤੋਂ appeared first on Punjab Star.