ਸੰਗਤ ਦੀ ਆਮਦ ‘ਤੇ ਸਿਆਸੀ ਧਿਰਾਂ ਦੀਆਂ ਨਜ਼ਰਾਂ
ਮੁੱਲਾਪੁਰ ਦਾਖਾ, ( ਕੁਲਵਿੰਦਰ ਸਿੰਘ ਚੰਦੀ) :-ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ ਵਿਚ ਬੰਦ ਸ੍ਰੀ ਖਡੂਰ ਸਾਹਿਬ ਦੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਅੱਜ (21 ਨਵੰਬਰ) ਆਪਣੇ ਜੱਦੀ ਪਿੰਡ ਜੱਲੁਪੁਰ ਖੇੜਾ ਵਿਖੇ ਆਮਦ ਨੇ ਪੰਜਾਬ ਦੀ ਸਿਆਸਤ ਵਿਚ ਹਲਚਲ ਤੇਜ਼ ਕਰ ਦਿੱਤੀ ਹੈ। ਉਹ ਆਪਣੀ 84 ਸਾਲਾ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਦੁਪਹਿਰ 12 ਤੋਂ 3 ਵਜੇ ਤਕ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ‘ਤੇ ਪੁੱਜਣਗੇ। ਪੂਰੇ ਪੰਜਾਬ, ਖ਼ਾਸ ਕਰ ਕੇ ਹਲਕਾ ਦਾਖਾ ਸਮੇਤ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਦੇ ਵੱਡੀ ਗਿਣਤੀ ਵਿਚ ਪੁੱਜਣ ਦੀ ਸੰਭਾਵਨਾ ਹੈ।
ਇਸੇ ਸੰਭਾਵੀਂ ਇਕੱਠ ਨੇ ਜਿੱਥੇ ਰਵਾਇਤੀ ਸਿਆਸੀ ਅਤੇ ਪੰਥਕ ਧਿਰਾਂ ਦਾ ਧਿਆਨ ਖਿੱਚਿਆ ਹੈ, ਉਥੇ ਹੀ ਸਰਕਾਰੀ ਹਲਕਿਆਂ ਵਿਚ ਵੀ ਹਲਚਲ ਵਧਾ ਦਿੱਤੀ ਹੈ ।2024 ਦੀਆਂ ਲੋਕ ਸਭਾ ਚੋਣਾਂ ਵਿਚ ਜੇਲ ਅੰਦਰੋਂ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਇਹ ਉਨ੍ਹਾਂ ਦੀ ਆਪਣੇ ਪਿੰਡ ਵਿਚ ਪਹਿਲੀ ਆਮਦ ਹੋਵੇਗੀ। ਸਰਕਾਰ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਇਲਾਕੇ ਵਿਚ ਵਧੇਰੇ ਸਮੇਂ ਦੀ ਮੌਜੂਦਗੀ ਅਮਨ- ਕਾਨੂੰਨ ਲਈ ਖ਼ਤਰਾ ਬਣ ਸਕਦੀ ਹੈ।
ਅਦਾਲਤ ਨੇ 8 ਸਖ਼ਤ ਸ਼ਰਤਾਂ ਲਾਉਂਦਿਆਂ ਉਨ੍ਹਾਂ ਦੀ ਆਮਦ ਘਰ ਅਤੇ ਸਸਕਾਰ ਵਾਲੀ ਥਾਂ ਤਕ ਸੀਮਤ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਅਤੇ ਪਰਿਵਾਰ ਤੋਂ ਇਲਾਵਾ ਹੋਰਨਾਂ ਨੂੰ ਮਿਲਣ ‘ਤੇ ਵੀ ਪਾਬੰਦੀ ਰਹੇਗੀ।ਇਸਦੇ ਬਾਵਜੂਦ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਪੁੱਜਣ ਵਾਲੀ ਸੰਗਤ ਦੀ ਗਿਣਤੀ ਨੂੰ ਉਨ੍ਹਾਂ ਦੇ ਲੋਕ-ਆਧਾਰ ਦੇ ਨਾਲ-ਨਾਲ ਆਉਣ ਵਾਲੇ ਸਮੇਂ ਦੀ ਪੰਥਕ ਸਿਆਸਤ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
8 ਨਵੰਬਰ ਨੂੰ ਮਾਤਾ ਚਰਨ ਕੌਰ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨੇ ਪੋਤੇ ਦੇ ਹੱਥੋਂ ਅੰਤਿਮ ਰਸਮਾਂ ਕਰਵਾਉਣ ਲਈ 13 ਦਿਨ ਮ੍ਰਿਤਕ ਦੇਹ ਸੰਭਾਲ ਕੇ ਰੱਖੀ। 22 ਨਵੰਬਰ ਨੂੰ ਅਸਥੀਆਂ ਚੁਗਣ ਅਤੇ 23 ਨਵੰਬਰ ਦੇ ਭੋਗ ਸਮਾਗਮ ਵਿਚ ਉਨ੍ਹਾਂ ਦੀ ਸ਼ਮੂਲੀਅਤ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਰਕਾਰਾਂ ਅੰਮ੍ਰਿਤਪਾਲ ਨੂੰ ਬਹੁਤਾ ਸਮਾਂ ਜੇਲ ‘ਚ ਨਹੀਂ ਰੱਖ ਸਕਣਗੀਆਂ: ਇਯਾਲੀ
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮਾਤਾ ਚਰਨ ਕੌਰ ਦੇ ਦਿਹਾਂਤ ‘ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਬੇਹੱਦ ਦੁਖਦਾਈ ਘੜੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਾਢੇ ਤਿੰਨ ਸਾਲਾਂ ਤੋਂ ਵੱਧ ਸਮੇਂ ਤਕ ਪਰਿਵਾਰ ਤੋਂ ਦੂਰ ਰੱਖਣ ਦੇ ਬਾਵਜੂਦ ਸਰਕਾਰਾਂ ਉਨ੍ਹਾਂ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਖ਼ਤਮ ਨਹੀਂ ਕਰ ਸਕੀਆਂ।
The post ‘ਜੱਲੂਪੁਰ ਖੇੜਾ ਦਾ ਇਕੱਠ ਤੈਅ ਕਰੇਗਾ ਪੰਜਾਬ ਦੀ ਸਿਆਸਤ ਦਾ ਅਗਲਾ ਰੁਖ਼’ appeared first on Punjab Star.
