ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਭਾਜਪਾ ਨੇਤਾ ਤਰੁਣ ਚੁੱਘ ਵੱਲੋਂ ਯੋ ਯੋ ਹਨੀ ਸਿੰਘ ਨੂੰ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜਨ ‘ਤੇ ਸਵਾਲ ਉਠਾਇਆ ਗਿਆ ਹੈ। ਜੱਸੀ ਨੇ ਕਿਹਾ ਕਿ ਉਹ ਆਮ ਤੌਰ ‘ਤੇ ਸਿਆਸੀ ਮੁੱਦਿਆਂ ‘ਤੇ ਬੋਲਣ ਤੋਂ ਬਚਦੇ ਹਨ, ਪਰ ਜਦੋਂ ਗੱਲ ਪੰਜਾਬ ਅਤੇ ਇਸ ਦੇ ਨੌਜਵਾਨਾਂ ਦੇ ਭਵਿੱਖ ਦੀ ਆਉਂਦੀ ਹੈ, ਤਾਂ ਉਹ ਚੁੱਪ ਨਹੀਂ ਰਹਿ ਸਕਦੇ।
ਜੱਸੀ ਨੇ ਇਸ ਕਦਮ ਨੂੰ ਸਮਝ ਤੋਂ ਬਾਹਰ ਦੱਸਿਆ। ਜੱਸੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਤੇ ਚਿਹਰਿਆਂ ਨੂੰ ਪੰਜਾਬ ਵਿਚ ਨਸ਼ੇ ਦੀ ਸੰਸਕ੍ਰਿਤੀ ਨਾਲ ਜੋੜਿਆ ਜਾਂਦਾ ਰਿਹਾ ਹੈ, ਉਨ੍ਹਾਂ ਨੂੰ ਹੁਣ ਨਸ਼ਾ ਖਤਮ ਕਰਨ ਦੀ ਮੁਹਿੰਮ ਦ ਬ੍ਰਾਂਡ ਅੰਬੈਸਡਰ ਬਣਾਉਣਾ ਗਲਤ ਹੈ। ਕਲਾਕਾਰ ਨੇ ਦੋਸ਼ ਲਗਾਇਆ ਕਿ ਇਸ ਨਾਲ ਇਹ ਸੰਦੇਸ਼ ਜਾਂਦਾ ਹੈ ਕਿ ਪੰਜਾਬ ਦੀਆਂ ਅਸਲ ਸਮੱਸਿਆਵਾਂ ਅਤੇ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ।
ਵੀਡੀਓ ਵਿੱਚ ਜੱਸੀ ਨੇ ਕਿਹਾ, “ਪੰਜਾਬ ਸਿਰਫ਼ ਇੱਕ ਸੂਬਾ ਨਹੀਂ ਹੈ, ਸਗੋਂ ਇੱਕ ਭਾਵਨਾ ਅਤੇ ਵਿਰਾਸਤ ਦਾ ਨਾਮ ਹੈ।” ਉਸਨੇ ਜ਼ੋਰ ਦੇ ਕੇ ਕਿਹਾ ਕਿ ਬਾਹਰਲੇ ਲੋਕ ਅਕਸਰ ਮਸ਼ਹੂਰ ਚਿਹਰਿਆਂ ਰਾਹੀਂ ਹੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਜਦੋਂ ਕਿ ਪੰਜਾਬ ਦੀ ਅਸਲ ਪਛਾਣ ਇਸਦੇ ਸੱਭਿਆਚਾਰ, ਇਤਿਹਾਸ ਅਤੇ ਨੌਜਵਾਨਾਂ ਵਿੱਚ ਹੈ। ਜੱਸੀ ਨੇ ਅੱਗੇ ਕਿਹਾ ਕਿ ਪੰਜਾਬ ਦਾ ਹਰ ਵਰਗ, ਭਾਵੇਂ ਸਿੱਖ ਹੋਵੇ ਜਾਂ ਹਿੰਦੂ, ਗੁਰਬਾਣੀ ਅਤੇ ਪੰਜਾਬ ਦੀ ਵਿਰਾਸਤ ਨਾਲ ਡੂੰਘਾ ਜੁੜਿਆ ਹੋਇਆ ਹੈ। ਇਸ ਲਈ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਪੰਜਾਬ ਦ ਸਮਾਜ ਸਵੀਕਾਰ ਨਹੀਂ ਕਰਦਾ।
ਕਲਾਕਾਰ ਨੇ ਇਹ ਵੀ ਸਵੀਕਾਰ ਕੀਤਾ ਕਿ ਉਸਦਾ ਬਿਆਨ ਉਸ ਨੂੰ ਨਿੱਜੀ ਤੌਰ ‘ਤੇ ਅਤੇ ਪੇਸ਼ੇਵਰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਸੱਚ ਬੋਲਣਾ ਪੰਜਾਬ ਦੇ ਭਲੇ ਲਈ ਜ਼ਰੂਰੀ ਹੈ। ਅਖੀਰ ਵਿੱਚ ਉਸਨੇ ਕਿਹਾ ਕਿ, “ਪੰਜਾਬ ਜ਼ਿੰਦਾਬਾਦ ਰਹੇਗਾ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ।”
The post ਯੋ ਯੋ ਹਨੀ ਸਿੰਘ ਨੂੰ ਭਾਜਪਾ ਨੇਤਾ ਵੱਲੋਂ ਨਸ਼ਾ ਖਾਤਮਾ ਮੁਹਿੰਮ ਦਾ ਮੋਹਰੀ ਬਣਾਉਣ ‘ਤੇ ਭੜਕੇ ਜਸਬੀਰ ਜੱਸੀ appeared first on Punjab Star.
