ਸੋਮਵਾਰ ਨੂੰ ਹੋਈਆਂ ਤਿੰਨ ਸੰਸਦੀ ਉਪ ਚੋਣਾਂ ਲਿਬਰਲ ਪਾਰਟੀ ਦੀ ਝੋਲੀ ਪੈਣ ਨਾਲ ਮਾਰਕ ਕਾਰਨੀ ਸਰਕਾਰ ਨੇ ਬਹੁਮੱਤ ਹਾਸਲ ਕਰ ਲਿਆ ਹੈ। ਆਪਣੇ ਕਾਰਜਕਾਲ ਦਾ ਪਹਿਲਾ ਸਾਲ ਬਿੱਲ ਪਾਸ ਕਰਾਉਣ ਲਈ ਹੋਰ ਪਾਰਟੀਆਂ ਵੱਲ ਝਾਕਣ ਤੋਂ ਬਾਦ ਹੁਣ ਸਰਕਾਰ ਵਲੋਂ ਰਹਿੰਦਾ ਕਾਰਜਕਾਲ (ਤਿੰਨ ਸਾਲ) ਅਸਾਨੀ ਨਾਲ ਪੂਰਾ ਕਰ ਲਿਆ ਜਾਏਗਾ ਅਤੇ ਕਿਸੇ ਵੀ ਸਮੇਂ ਮੱਧਕਾਲੀ ਚੋਣਾਂ ਦੀ ਸੰਭਾਵਨਾ ਖ਼ਤਮ ਹੋ ਗਈ ਹੈ। ਦੇਰ ਰਾਤ ਆਏ ਨਤੀਜਿਆਂ ਚੋਂ ਪਹਿਲਾ ਨਤੀਜਾ ਯੂਨੀਵਰਸਿਟੀ ਰੋਜ਼ਡੇਲ (ਉਂਟਾਰੀਓ) ਦਾ ਆਇਆ ਜਿਸ ਵਿੱਚ ਲਿਬਰਲ ਪਾਰਟੀ ਦੀ ਉਮੀਦਵਾਰ ਡੈਨੀਅਲ ਮਾਰਟਿਨ ਨੇ ਜਿੱਤ ਹਾਸਲ ਕਰਕੇ ਪਾਰਟੀ ਨੂੰ 172 ਦੇ ਬਹੁਮੱਤ ਵਾਲੇ ਅੰਕੜੇ ’ਤੇ ਜਾ ਖੜਾਇਆ। ਉਸਤੋਂ ਬਾਦ ਸਕਾਰਬਰੋ ਦੀ ਸੀਟ ਤੋਂ ਡੌਲੀ ਬੇਗਮ ਦੀ ਜਿੱਤ ਦਾ ਐਲਾਨ ਹੋ ਗਿਆ।
ਡੌਲੀ ਨੇ ਫਰਵਰੀ ’ਚ ਉਂਟਾਰੀਓ ਐਨਡੀਪੀ ਦੀ ਉਪ ਪ੍ਰਧਾਨਗੀ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜਿਆ ਸੀ ਤੇ ਪਹਿਲੀ ਸੰਸਦੀ ਚੋਣ ਵਿੱਚ ਜਿੱਤ ਹਾਸਲ ਕਰ ਲਈ ਹੈ। ਉਪ ਚੋਣ ਵਾਲੀ ਤੀਜੀ ਸੀਟ ਕੁਬੈਕ ਦੇ ਹਲਕਾ ਟੈਰੀਬੌਨ ਸੀ ਜਿੱਥੇ ਪਿਛਲੀ ਚੋਣ ਵਿੱਚ ਇੱਕ ਵੋਟ ਦੀ ਹਾਰ ਜਿੱਤ ਨੂੰ ਅਦਾਲਤ ਨੇ ਰੱਦ ਕਰਕੇ ਦੁਬਾਰਾ ਚੋਣ ਦਾ ਹੁਕਮ ਸੁਣਾਇਆ ਸੀ। ਲਿਬਰਲ ਪਾਰਟੀ ਦੇ ਉਮੀਦਵਾਰ ਟੈਟਿਆਨਾ ਅਗਸਤੀ ਨੇ ਇਹ ਸੀਟ ਬਲਾਕ ਪਾਰਟੀ ਤੋਂ ਖੋਹ ਕੇ 338 ਮੈਂਬਰੀ ਕੈਨੇਡਿਆਈ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਅੰਕੜਾ 174 ਤੇ ਪਹੁੰਚਾ ਦਿੱਤਾ ਹੈ।
ਬੇਸ਼ੱਕ ਸਿਆਸੀ ਸੂਝ ਵਾਲੇ ਲੋਕ ਪਹਿਲਾਂ ਤੋਂ ਮੰਨ ਰਹੇ ਕਿ ਦੋ ਸੀਟਾਂ ਲਿਬਰਲ ਦੀ ਝੋਲੀ ਪੈ ਸਕਦੀਆਂ ਹਨ, ਪਰ ਨਤੀਜਿਆਂ ਨੇ ਕੁਬੈਕ ਵਾਲੀ ਤੀਜੀ ਸੀਟ ਬਾਰੇ ਕਿਆਸ ਅਰਾਈਆਂ ਨੂੰ ਗਲਤ ਸਾਬਤ ਕਰ ਦਿੱਤਾ ਤੇ ਸੀਟ ਬਲਾਕ ਦੀ ਥਾਂ ਲਿਬਰਲ ਉਮੀਦਵਾਰ ਜੇਤੂ ਰਿਹਾ। ਚੋਣਾਂ ਤੋਂ ਪਹਿਲਾਂ ਪਿਛਲੇ 4-5 ਮਹੀਨਿਆਂ ਵਿੱਚ ਟੋਰੀ ਪਾਰਟੀ ਦੇ ਚਾਰ ਅਤੇ ਐਨਡੀਪੀ ਦੇ ਇੱਕ ਮੈਂਬਰ ਨੇ ਪਾਰਟੀਆਂ ਛੱਡ ਕੇ ਲਿਬਰਲ ਪਾਰਟੀ ਦਾ ਪੱਲਾ ਫੜ ਕੇ ਉਸਨੂੰ ਬਹੁਮੱਤ ਦੇ ਐਨ ਕੋਲ (ਸਿਰਫ ਇੱਕ ਘੱਟ) ਪਹੁੰਚਾ ਦਿੱਤਾ ਸੀ, ਜਿਸ ਕਾਰਣ ਮਾਰਕ ਕਾਰਨੀ ਸਰਕਾਰ ਵਲੋਂ ਸੰਸਦ ਚ ਪੇਸ਼ ਸਾਰੇ ਬਿੱਲ ਪਾਸ ਹੁੰਦੇ ਆਏ। ਦੱਸਣਾ ਬਣਦਾ ਹੈ ਕਿ ਜੇਕਰ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਵਲੋਂ ਪੇਸ਼ ਕੋਈ ਵਿੱਤੀ ਬਿੱਲ ਪਾਸ ਨਾ ਹੁੰਦਾ ਤਾਂ ਗਵਨਰ ਜਨਰਲ ਨੂੰ ਉਸੇ ਵੇਲੇ ਸਰਕਾਰ ਤੋੜ ਕੇ ਸੰਸਦੀ ਚੋਣਾਂ ਦਾ ਐਲਾਨ ਕਰਨਾ ਪੈਣਾ ਸੀ
The post ਤਿੰਨੇ ਉਪ-ਚੋਣਾਂ ਜਿੱਤ ਕੇ ਕਾਰਨੀ ਸਰਕਾਰ ਨੇ ਬਹੁਮੱਤ ਹਾਸਲ ਕੀਤਾ appeared first on Punjab Star.
