ਪੰਜਾਬ ਦੇ ਵੋਟਰਾਂ ਲਈ ਅਹਿਮ ਖ਼ਬਰ! ਕੱਲ੍ਹ ਐਤਵਾਰ ਨੂੰ ਸੂਬੇ ਭਰ ‘ਚ ਲੱਗਣਗੇ ਵਿਸ਼ੇਸ਼ ਕੈਂਪ!

ਜੇਕਰ ਤੁਸੀਂ ਵੋਟਰ ਹੋਣ ਦੇ ਬਾਵਜੂਦ ਆਪਣਾ ਨਾਮ ਵੋਟਰ ਲਿਸਟ ਵਿੱਚ ਚੈੱਕ ਨਹੀਂ ਕੀਤਾ… ਜਾਂ ਫਿਰ ਤੁਹਾਡਾ ਨਾਮ ਤਾਂ ਸੂਚੀ ਵਿੱਚ ਹੈ ਪਰ ਪਤਾ ਜਾਂ ਹੋਰ ਜਾਣਕਾਰੀ ਗਲਤ ਦਰਜ ਹੈ… ਤਾਂ ਕੱਲ੍ਹ ਦਾ ਦਿਨ ਤੁਹਾਡੇ ਲਈ ਕਾਫ਼ੀ ਅਹਿਮ ਹੋ ਸਕਦਾ ਹੈ। ਜੀ ਹਾਂ! ਪੰਜਾਬ ਵਿੱਚ ਕੱਲ੍ਹ ਐਤਵਾਰ ਨੂੰ ਸੂਬੇ ਭਰ ਦੇ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਿੱਥੇ ਤੁਸੀਂ ਘਰ ਬੈਠੇ ਰਹਿਣ ਦੀ ਬਜਾਏ ਸਿੱਧਾ ਆਪਣੇ ਪੋਲਿੰਗ ਸਟੇਸ਼ਨ ਪਹੁੰਚ ਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹੋ ਅਤੇ ਲੋੜ ਪੈਣ ‘ਤੇ ਨਵੀਂ ਰਜਿਸਟ੍ਰੇਸ਼ਨ ਜਾਂ ਸੁਧਾਰ ਲਈ ਅਰਜ਼ੀ ਵੀ ਦੇ ਸਕਦੇ ਹੋ। ਦਰਅਸਲ, ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੋਧ ਯਾਨੀ Special Summary Revision ਦੀ ਪ੍ਰਕਿਰਿਆ ਚੱਲ ਰਹੀ ਹੈ। ਇਸੇ ਤਹਿਤ 22 ਨਵੰਬਰ, ਐਤਵਾਰ ਨੂੰ ਸੂਬੇ ਦੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਲੋਕ ਖਰੜਾ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਹੋਰ ਵੇਰਵੇ ਚੈੱਕ ਕਰ ਸਕਦੇ ਹਨ। ਜੇਕਰ ਕਿਸੇ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਨਵੇਂ ਵੋਟਰ ਵਜੋਂ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦਾ ਹੈ। ਇਸ ਤੋਂ ਇਲਾਵਾ ਨਾਮ, ਪਤਾ ਜਾਂ ਹੋਰ ਵੇਰਵਿਆਂ ਵਿੱਚ ਗਲਤੀ ਹੋਣ ‘ਤੇ ਵੀ ਸੁਧਾਰ ਕਰਵਾਇਆ ਜਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਉਨ੍ਹਾਂ ਨੌਜਵਾਨਾਂ ਦੀ, ਜੋ ਪਹਿਲੀ ਵਾਰ ਵੋਟਰ ਬਣਨ ਜਾ ਰਹੇ ਹਨ। ਜੇਕਰ ਕੋਈ ਨੌਜਵਾਨ 1 ਜਨਵਰੀ 2027 ਤੱਕ 18 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ ਤਾਂ ਉਹ ਨਵੇਂ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 6 ਭਰ ਕੇ ਅਰਜ਼ੀ ਦੇ ਸਕਦਾ ਹੈ। ਇਸ ਲਈ ਨੌਜਵਾਨਾਂ ਕੋਲ ਵੀ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਦਾ ਮੌਕਾ ਹੈ।

ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਵਾਉਣ, ਵੇਰਵਿਆਂ ਵਿੱਚ ਸੁਧਾਰ ਕਰਨ ਜਾਂ ਕਿਸੇ ਤਰ੍ਹਾਂ ਦੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਲਈ 11 ਦਸੰਬਰ 2026 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਨ੍ਹਾਂ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ 28 ਦਸੰਬਰ ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 4 ਜਨਵਰੀ 2027 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਵੱਲੋਂ ਯੋਗ ਨਾਗਰਿਕਾਂ, ਖ਼ਾਸ ਕਰਕੇ ਪਹਿਲੀ ਵਾਰ ਵੋਟਰ ਬਣਨ ਜਾ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਅਤੇ ਆਪਣੇ ਵੋਟ ਦੇ ਅਧਿਕਾਰ ਨਾਲ ਜੁੜੀ ਜਾਣਕਾਰੀ ਦੀ ਤਸਦੀਕ ਜ਼ਰੂਰ ਕਰਨ। ਸੋ ਜੇਕਰ ਤੁਸੀਂ ਵੀ ਪੰਜਾਬ ਦੇ ਵੋਟਰ ਹੋ ਤਾਂ ਕੱਲ੍ਹ ਆਪਣੇ ਪੋਲਿੰਗ ਬੂਥ ‘ਤੇ ਜ਼ਰੂਰ ਜਾਓ, ਕਿਉਂਕਿ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਸਹੀ ਹੋਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਵੋਟ ਪਾਉਣਾ!

The post ਪੰਜਾਬ ਦੇ ਵੋਟਰਾਂ ਲਈ ਅਹਿਮ ਖ਼ਬਰ! ਕੱਲ੍ਹ ਐਤਵਾਰ ਨੂੰ ਸੂਬੇ ਭਰ ‘ਚ ਲੱਗਣਗੇ ਵਿਸ਼ੇਸ਼ ਕੈਂਪ! appeared first on Punjab Star.

Related Posts