ਕਾਕਰੋਚ ਜਨਤਾ ਪਾਰਟੀ ਦੇ ‘X’ ਅਕਾਊਂਟ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਸੁਣਾਇਆ ਫੈਸਲਾ

ਨਵੀਂ ਦਿੱਲੀ: ਕਾਕਰੋਚ ਜਨਤਾ ਪਾਰਟੀ (CJP) ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਸ਼ੁੱਕਰਵਾਰ ਨੂੰ ਅਭਿਜੀਤ ਦੀਪਕੇ ਦੀ ਅਗਵਾਈ ਵਾਲੀ ਇਸ ਪਾਰਟੀ ਦੇ ਸੋਸ਼ਲ ਮੀਡੀਆ ਪਲੇਟਫਾਰਮ X ਅਕਾਊਂਟ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਦੀ ਸੁਣਵਾਈ ਜਸਟਿਸ ਪੁਰਸ਼ੈਂਦਰ ਕੁਮਾਰ ਕੌਰਵ ਵੱਲੋਂ ਕੀਤੀ ਗਈ।

ਸੁਣਵਾਈ ਦੌਰਾਨ ਕੋਰਟ ਨੇ CJP ਦੇ X ਅਕਾਊਂਟ ‘ਤੇ ਕੀਤੀਆਂ ਕੁਝ ਪੋਸਟਾਂ ਨੂੰ ‘ਇਤਰਾਜ਼ਯੋਗ’ ਕਰਾਰ ਦਿੱਤਾ। ਕੋਰਟ ਨੇ ਕਿਹਾ ਕਿ ਮਾਮਲੇ ਦੇ ਸਾਰੇ ਪੱਖਾਂ ‘ਤੇ ਵਿਚਾਰ ਕਰਨਾ ਜ਼ਰੂਰੀ ਹੈ ਅਤੇ ਕੇਂਦਰ ਸਰਕਾਰ ਤੇ X ਪਲੇਟਫਾਰਮ ਦਾ ਪੱਖ ਸੁਣਨ ਤੋਂ ਬਾਅਦ ਹੀ ਕੋਈ ਅਗਲਾ ਹੁਕਮ ਜਾਰੀ ਕੀਤਾ ਜਾਵੇਗਾ।

CJP ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਪਟੀਸ਼ਨ ‘ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਪਟੀਸ਼ਨ ਵਿੱਚ ਕੇਂਦਰ ਸਰਕਾਰ ਵੱਲੋਂ ਪਾਰਟੀ ਦੇ X ਹੈਂਡਲ ਨੂੰ ਬੈਨ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਇਸ ਅਕਾਊਂਟ ਨੂੰ ਭਾਰਤ ਵਿੱਚ ਬਲਾਕ ਕੀਤਾ ਸੀ। ਹਾਲਾਂਕਿ ਕੋਰਟ ਨੇ ਤੁਰੰਤ ਬੈਨ ਹਟਾਉਣ ਸਬੰਧੀ ਕੋਈ ਰਾਹਤ ਨਹੀਂ ਦਿੱਤੀ।

21 ਮਈ ਨੂੰ ਬਲਾਕ ਹੋਇਆ ਸੀ ਅਕਾਊਂਟ

ਕਾਕਰੋਚ ਜਨਤਾ ਪਾਰਟੀ ਦਾ X ਹੈਂਡਲ 21 ਮਈ ਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ‘Cockroach Is Back’ ਨਾਮ ਨਾਲ ਨਵਾਂ ਅਕਾਊਂਟ ਬਣਾਇਆ ਗਿਆ, ਜਿਸ ਦੇ ਇਸ ਵੇਲੇ 2.27 ਲੱਖ ਤੋਂ ਵੱਧ ਫਾਲੋਅਰ ਹਨ।

ਅਭਿਜੀਤ ਦੀਪਕੇ ਨੇ 16 ਮਈ ਨੂੰ ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਕੀਤੀ ਸੀ। ਇਹ ਪਾਰਟੀ ਉਸ ਵੇਲੇ ਚਰਚਾ ਵਿੱਚ ਆਈ ਜਦੋਂ ਇੱਕ ਵਕੀਲ ਦੇ ਸੀਨੀਅਰ ਅਹੁਦੇ ਨਾਲ ਜੁੜੀ ਸੁਣਵਾਈ ਦੌਰਾਨ ਚੀਫ਼ ਜਸਟਿਸ ਸੂਰਿਆ ਕਾਂਤ ਦੀਆਂ ‘ਕਾਕਰੋਚ’ ਅਤੇ ‘ਪਰਜੀਵੀ’ ਵਾਲੀਆਂ ਟਿੱਪਣੀਆਂ ‘ਤੇ ਵਿਵਾਦ ਖੜ੍ਹਾ ਹੋਇਆ ਸੀ।

ਨੀਟ ਮਾਮਲੇ ‘ਤੇ ਵੀ ਚਲਾਈ ਮੁਹਿੰਮ

CJP ਦਾ ਦਾਅਵਾ ਹੈ ਕਿ ਉਸਦਾ ਮਕਸਦ ਨੌਜਵਾਨਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਅਤੇ ਸਰਕਾਰ ਨੂੰ ਜਵਾਬਦੇਹ ਬਣਾਉਣਾ ਹੈ। ਹਾਲ ਹੀ ਵਿੱਚ ਪਾਰਟੀ ਨੇ ਨੀਟ-ਯੂਜੀ 2026 ਪੇਪਰ ਲੀਕ ਮਾਮਲੇ ਅਤੇ ਸਿੱਖਿਆ ਪ੍ਰਣਾਲੀ ਦੀਆਂ ਕਥਿਤ ਨਾਕਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਮੁਹਿੰਮ ਵੀ ਚਲਾਈ ਸੀ।

ਇਸ ਮਾਮਲੇ ਦੌਰਾਨ ਚੀਫ਼ ਜਸਟਿਸ ਨੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੌਜਵਾਨਾਂ ਲਈ ਨਹੀਂ ਸਨ, ਸਗੋਂ ਉਹਨਾਂ ਲੋਕਾਂ ਲਈ ਸਨ ਜੋ ਫਰਜ਼ੀ ਅਤੇ ਗੈਰਕਾਨੂੰਨੀ ਡਿਗਰੀਆਂ ਰਾਹੀਂ ਕਾਨੂੰਨੀ ਪੇਸ਼ੇ ਵਿੱਚ ਦਾਖ਼ਲ ਹੋ ਰਹੇ ਹਨ।

The post ਕਾਕਰੋਚ ਜਨਤਾ ਪਾਰਟੀ ਦੇ ‘X’ ਅਕਾਊਂਟ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਸੁਣਾਇਆ ਫੈਸਲਾ appeared first on Punjab Star.

Related Posts