ਕੈਨੇਡਾ ‘ਚ ਗੈਰਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਤੇਜ਼, ਡਿਪੋਰਟ ਕਰਨ ਲਈ ਨਵਾਂ ਟਰੈਕਿੰਗ ਸਿਸਟਮ ਤਿਆਰ

ਟੋਰਾਂਟੋ: ਕੈਨੇਡਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੀਂ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਵਿਜ਼ਟਰ ਅਤੇ ਸਟਡੀ ਵੀਜ਼ਾ ‘ਤੇ ਆਉਣ ਵਾਲਿਆਂ ਦਾ ਪੂਰਾ ਰਿਕਾਰਡ ਤਿਆਰ ਕੀਤਾ ਜਾਵੇਗਾ।

ਟੈਂਪਰੇਰੀ ਵੀਜ਼ਾ ‘ਤੇ ਆਏ ਹਰ ਵਿਅਕਤੀ ਦੀ ਜਾਣਕਾਰੀ ਸੰਭਾਲੀ ਜਾਵੇਗੀ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਉਹ ਵੀਜ਼ਾ ਖਤਮ ਹੋਣ ਤੋਂ ਬਾਅਦ ਦੇਸ਼ ਛੱਡਦਾ ਹੈ ਜਾਂ ਨਹੀਂ। ਇਸ ਮਾਮਲੇ ‘ਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਚਰਚਾ ਹੋ ਚੁੱਕੀ ਹੈ ਅਤੇ ਇਸ ਮਹੀਨੇ ਤੋਂ ਇਸ ਪ੍ਰਕਿਰਿਆ ਨੂੰ ਲਾਗੂ ਕਰਨ ਦੀ ਯੋਜਨਾ ਹੈ।

ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 10 ਲੱਖ 53 ਹਜ਼ਾਰ ਵਰਕ ਪਰਮਿਟ ਖਤਮ ਹੋਏ ਸਨ ਅਤੇ ਇਸ ਸਾਲ 9 ਲੱਖ 26 ਹਜ਼ਾਰ ਹੋਰ ਮਿਆਦ ਪੂਰੀ ਕਰਨ ਵਾਲੇ ਹਨ। ਜੇਕਰ ਇਨ੍ਹਾਂ ਵਿੱਚੋਂ ਕੁਝ ਲੋਕ ਹੋਰ ਵਿਕਲਪ ਲੱਭ ਵੀ ਲੈਂਦੇ ਹਨ ਤਾਂ ਵੀ ਵੱਡੀ ਗਿਣਤੀ ਅਜਿਹੀ ਰਹਿ ਜਾਂਦੀ ਹੈ ਜੋ ਇਮੀਗ੍ਰੇਸ਼ਨ ਨਿਯਮਾਂ ਤੋਂ ਬਾਹਰ ਹੋ ਸਕਦੀ ਹੈ।

ਇਸ ਤੋਂ ਇਲਾਵਾ 1 ਲੱਖ 53 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਵੀ ਗੱਲ ਕੀਤੀ ਗਈ ਹੈ, ਜਿਨ੍ਹਾਂ ‘ਤੇ ਸਟਡੀ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਹਨ। ਆਡੀਟਰ ਜਨਰਲ ਦੀ ਰਿਪੋਰਟ ਵਿੱਚ ਇਨ੍ਹਾਂ ਖ਼ਿਲਾਫ਼ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਸੀ, ਪਰ ਫੰਡਾਂ ਦੀ ਘਾਟ ਕਾਰਨ ਸਿਰਫ਼ 4 ਹਜ਼ਾਰ ਮਾਮਲਿਆਂ ਦੀ ਹੀ ਜਾਂਚ ਹੋ ਸਕੀ।

ਇਮੀਗ੍ਰੇਸ਼ਨ ਮੰਤਰੀ ਲੀਨਾ ਡਿਐਬ ਦੇ ਅਨੁਸਾਰ 1 ਲੱਖ 53 ਹਜ਼ਾਰ ਵਿਦਿਆਰਥੀਆਂ ਵਿੱਚੋਂ 78 ਫੀਸਦੀ ਕਿਸੇ ਨਾ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਨ, ਜਦਕਿ 22 ਫੀਸਦੀ ਦੇਸ਼ ਛੱਡ ਚੁੱਕੇ ਹਨ ਜਾਂ ਸੰਭਵ ਹੈ ਕਿ ਅਜੇ ਵੀ ਮੌਜੂਦ ਹੋਣ।

ਉਨ੍ਹਾਂ ਨੇ ਦੱਸਿਆ ਕਿ ਨਵਾਂ ਪਾਇਲਟ ਪ੍ਰੋਗਰਾਮ ਇਸ ਲਈ ਲਿਆਂਦਾ ਜਾ ਰਿਹਾ ਹੈ ਤਾਂ ਜੋ ਹਰ ਟੈਂਪਰੇਰੀ ਰੈਜ਼ੀਡੈਂਟ ਦੇ ਕੈਨੇਡਾ ਵਿੱਚ ਦਾਖਲੇ ਅਤੇ ਬਾਹਰ ਜਾਣ ਦੀ ਪੂਰੀ ਜਾਣਕਾਰੀ ਦਰਜ ਕੀਤੀ ਜਾ ਸਕੇ।

ਦੂਜੇ ਪਾਸੇ, ਇਮੀਗ੍ਰੇਸ਼ਨ ਕਟੌਤੀਆਂ ਦੇ ਬਾਅਦ ਆਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2023-24 ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਿੱਚ 42 ਫੀਸਦੀ ਕਮੀ ਆਈ ਹੈ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਉਨਟਾਰੀਓ ‘ਤੇ ਪਿਆ ਹੈ।

The post ਕੈਨੇਡਾ ‘ਚ ਗੈਰਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਤੇਜ਼, ਡਿਪੋਰਟ ਕਰਨ ਲਈ ਨਵਾਂ ਟਰੈਕਿੰਗ ਸਿਸਟਮ ਤਿਆਰ appeared first on Punjab Star.

Related Posts