ਲੁਧਿਆਣਾ: ਲੁਧਿਆਣਾ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਇੱਕ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਈਮੇਲ ਵਿੱਚ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਦੇ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਧਮਾਕਿਆਂ ਰਾਹੀਂ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।
ਸਵੇਰੇ ਮਿਲੀ ਧਮਕੀ ਭਰੀ ਈਮੇਲ
ਜਾਣਕਾਰੀ ਮੁਤਾਬਕ ਇਹ ਈਮੇਲ ਸੋਮਵਾਰ ਸਵੇਰੇ ਕਰੀਬ 7:28 ਵਜੇ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸਰਕਾਰੀ ਈਮੇਲ ਆਈਡੀਜ਼ ’ਤੇ ਭੇਜੀ ਗਈ। ਈਮੇਲ ਦੇ ਵਿਸ਼ੇ ਵਿੱਚ “Bomb Blast – Mayor Office Ludhiana” ਲਿਖਿਆ ਗਿਆ ਸੀ। ਇਸ ਵਿੱਚ ਸੰਭਾਵਿਤ ਹਮਲਿਆਂ ਦਾ ਸਮਾਂ ਵੀ ਦਰਜ ਕੀਤਾ ਗਿਆ।
ਮੇਅਰ ਦਫ਼ਤਰ ਅਤੇ ਦਿਲਜੀਤ ਦੇ ਘਰ ਦਾ ਜ਼ਿਕਰ
ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ ਦੁਪਹਿਰ 1:11 ਵਜੇ ਲੁਧਿਆਣਾ ਮੇਅਰ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ, ਜਦਕਿ ਰਾਤ 9:11 ਵਜੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਸਬੰਧੀ ਵੀ ਧਮਾਕੇ ਦੀ ਚੇਤਾਵਨੀ ਦਿੱਤੀ ਗਈ।
ਧਮਕੀ ਭਰੇ ਸੰਦੇਸ਼ ਵਿੱਚ 1984 ਦੇ ਸਿੱਖ ਨਸਲਕੁਸ਼ੀ ਦਾ ਹਵਾਲਾ ਦਿੱਤਾ ਗਿਆ ਹੈ। ਈਮੇਲ ਭੇਜਣ ਵਾਲਿਆਂ ਨੇ 6 ਜੂਨ ਤੱਕ ਧਮਾਕਿਆਂ ਰਾਹੀਂ ਨਿਸ਼ਾਨੇ ਬਣਾਉਣ ਦੀ ਗੱਲ ਲਿਖੀ ਹੈ।
ਪੁਲਿਸ ਅਤੇ ਸਾਈਬਰ ਸੈੱਲ ਅਲਰਟ
ਧਮਕੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਤੇ ਸਾਈਬਰ ਸੈੱਲ ਤੁਰੰਤ ਸਰਗਰਮ ਹੋ ਗਏ ਹਨ। ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਆਈਪੀ ਐਡਰੈੱਸ ਅਤੇ ਹੋਰ ਤਕਨੀਕੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਵੱਲੋਂ ਮੇਅਰ ਦਫ਼ਤਰ ਅਤੇ ਹੋਰ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
The post ਲੁਧਿਆਣਾ ਮੇਅਰ ਦਫ਼ਤਰ ਅਤੇ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਤੇ ਸਾਈਬਰ ਸੈੱਲ ਅਲਰਟ appeared first on Punjab Star.
