ਜਗਰਾਉਂ, 21 ਨਵੰਬਰ (ਕੁਲਵਿੰਦਰ ਸਿੰਘ ਚੰਦੀ):-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਲੁਧਿਆਣਾ ਅਧੀਨ ਸਾਰੇ ਬਲਾਕਾਂ ਦੀ ਮੀਟਿੰਗ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ 2020-2021 ਦੇ ਇਤਿਹਾਸਕ ਕਿਸਾਨ ਅੰਦੋਲਨ ਦੀ ਛੇਵੀਂ ਵਰੇਗੰਢ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਸੂਬੇ ਚ ਚਾਰ ਥਾਵਾਂ ਪਟਿਆਲਾ, ਬਠਿੰਡਾ, ਜਾਲੰਧਰ, ਅਮ੍ਰਿਤਸਰ ਵਿਖੇ ਵਿਸ਼ਾਲ ਕਿਸਾਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨਾਂ ਰੈਲੀਆਂ ਰਾਹੀਂ ਕੇਂਦਰ ਸਰਕਾਰ ਤੋਂ ਕਿਸਾਨੀ ਸੰਘਰਸ਼ ਦੋਰਾਨ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਪੂਰੇ ਪੰਜਾਬ ਚ ਇਕੋ ਹੀ ਦਿਨ ਜੋਰਦਾਰ ਅਵਾਜ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਫਸਲਾਂ ਤੇ ਐਮ ਐਸ ਪੀ ਹਾਸਲ ਕਰਨ, ਨਵੀਂ ਖੇਤੀ ਨੀਤੀ ਲਾਗੂ ਕਰਨ, ਬਿਜਲੀ ਐਕਟ ਅਤੇ ਪ੍ਰਦੁਸ਼ਣ ਐਕਟ ਰੱਦ ਕਰਨ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ, ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਕਾਨੂੰਨ ਮੁਤਾਬਕ ਹੱਲ ਕਰਨ, ਕਿਸਾਨ ਅੰਦੋਲਨ ਦੋਰਾਨ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਅਤੇ ਮੁਆਵਜ਼ੇ ਦੇ ਬਕਾਇਆ ਕੇਸਾਂ ਦਾ ਨਿਪਟਾਰਾ ਕਰਨ, ਫ਼ਸਲੀ ਚੱਕਰ ਬਦਲਣ , ਸਮੁੱਚੇ ਕਿਸਾਨੀ ਕਰਜੇ ਰੱਦ ਕਰਨ, ਰਸਾਇਣਕ ਖਾਦਾਂ ਦੀ ਸਪਲਾਈ ਵਧਾਉਣ, ਸਹਿਕਾਰੀ ਸੁਸਾਇਟੀਆਂ ਭੰਗ ਕਰਨ ਦੀਆਂ ਸਾਜ਼ਿਸ਼ਾਂ ਰੋਕਣ ਆਦਿ ਮੰਗਾਂ ਨੂੰ ਲੈਕੇ ਕੀਤੇ ਜਾ ਰਹੇ ਵਿਸ਼ਾਲ ਇਕੱਠਾਂ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾਵੇ ਗਾ।
ਇਸ ਸਮੇਂ ਮੀਟਿੰਗ ਵਿੱਚ ਆਉਂਦੀਆਂ ਪੰਜਾਬ ਵਿਧਾਨ ਸਭਾ ਚੌਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਸਾਥ ਨਾ ਦੇਣ, ਸਿਰਫ ਤੇ ਸਿਰਫ ਜਥੇਬੰਦਕ ਸੰਘਰਸ਼ ਤੇ ਟੈਂਕ ਰੱਖਣ ਦੀ ਸੂਬਾ ਕਮੇਟੀ ਦੀ ਸਮਝ ਤੇ ਮੋਹਰ ਲਗਾਈ ਗਈ। ਮੀਟਿੰਗ ਵਿੱਚ ਜਥੇਬੰਦੀ ਦੇ ਕਿਸੇ ਵੀ ਪੱਧਰ ਦੇ ਅਹੁਦੇਦਾਰ ਵਲੋਂ ਵਿਧਾਨ ਸਭਾ ਚੋਣਾਂ ਵਿੱਚ ਭਾਗ ਲੈਣ ਤੇ ਜਥੇਬੰਦਕ ਐਕਸ਼ਨ ਲੈਣ ਦਾ ਫੈਸਲਾ ਕੀਤਾ ਗਿਆ।
ਇਸ ਸਮੇਂ ਸਾਰੇ ਬਲਾਕਾਂ ਚ ਮੀਟਿੰਗਾਂ ਕਰਕੇ ਵਿਆਪਕ ਫੰਡ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਅਮਨਦੀਪ ਸਿੰਘ ਲਲਤੋਂ ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ, ਇੰਦਰਜੀਤ ਸਿੰਘ ਲੋਧੀਵਾਲ ਜਿਲਾ ਮੀਤ ਪ੍ਰਧਾਨ,ਅਜੀਤ ਸਿੰਘ ਧਾਂਦਰਾ, ਹਰਬੰਸ ਸਿੰਘ ਬੀਰਮੀ ਦੋਵੇਂ ਬਲਾਕ ਸੱਕਤਰ, ਤਰਸੇਮ ਸਿੰਘ ਬੱਸੂਵਾਲ, ਸਰਬਜੀਤ ਸਿੰਘ ਧੂੜਕੋਟ ਦੋਹੇਂ ਬਲਾਕ ਪ੍ਰਧਾਨ , ਜਸਪਾਲ ਸਿੰਘ ਗਰੇਵਾਲ ਆਂਡਲੂ,ਲਖਵਿੰਦਰ ਸਿੰਘ ਪੱਖੋਵਾਲ, ਕੁਲਦੀਪ ਸਿੰਘ ਰੱਤੋਵਾਲ ਆਦਿ ਹਾਜ਼ਰ ਸਨ।
The post 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਟਿਆਲਾ ਰੈਲੀ ਚ ਵੱਡੀ ਗਿਣਤੀ ਚ ਸ਼ਾਮਲ ਹੋਣ ਦਾ ਐਲਾਨ appeared first on Punjab Star.
